ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ( Ajay Kumar Lallu) ਨੇ ਵੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਉੱਤਰਾਖੰਡ ਕਾਂਗਰਸ ਦੇ ਪ੍ਰਧਾਨ ਗਣੇਸ਼ ਗੋਦਿਆਲ ਨੇ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਮੰਗਲਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਅੱਜ ਇਸ ਤੋਂ ਪਹਿਲਾਂ ਗੋਆ ਕਾਂਗਰਸ ਪ੍ਰਧਾਨ ਗਿਰੀਸ਼ ਚੋਡਨਕਰ ਨੇ ਵੀ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜ ਸੂਬਿਆਂ ਦੇ ਸੂਬਾ ਪ੍ਰਧਾਨਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ ਤਾਂ ਜੋ ਕਾਂਗਰਸ ਕਮੇਟੀ ਦਾ ਪੁਨਰਗਠਨ ਕੀਤਾ ਜਾ ਸਕੇ। 3 ਰਾਜਾਂ ਦੇ ਸੂਬਾ ਪ੍ਰਧਾਨ ਹੁਣ ਤੱਕ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ।

 

ਗੋਦਿਆਲ ਨੇ ਆਪਣਾ ਅਸਤੀਫਾ ਟਵੀਟ ਕਰਦੇ ਹੋਏ ਕਿਹਾ, ''ਰਾਜ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅੱਜ ਮੈਂ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਮੈਂ ਨਤੀਜੇ ਵਾਲੇ ਦਿਨ ਹੀ ਅਸਤੀਫਾ ਦੇਣਾ ਚਾਹੁੰਦਾ ਸੀ ਪਰ ਹਾਈਕਮਾਂਡ ਦੇ ਹੁਕਮ ਦੀ ਉਡੀਕ ਕਰਦਾ ਰਿਹਾ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਇਸ ਨਿਰਦੇਸ਼ ਤੋਂ ਕੁਝ ਦੇਰ ਬਾਅਦ ਹੀ ਉੱਤਰਾਖੰਡ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗਣੇਸ਼ ਗੋਦਿਆਲ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।

 

 ਚੋਡਨਕਰ ਨੇ ਵੀ ਦਿੱਤਾ ਅਸਤੀਫਾ 

ਦੂਜੇ ਪਾਸੇ ਗੋਆ ਕਾਂਗਰਸ ਦੇ ਪ੍ਰਧਾਨ ਗਿਰੀਸ਼ ਚੋਡਨਕਰ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੇ ਮਾੜੇ ਪ੍ਰਦਰਸ਼ਨ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਗੋਆ ਡੈਸਕ ਇੰਚਾਰਜ ਦਿਨੇਸ਼ ਗੁੰਡੂ ਰਾਓ ਨੇ ਮੰਗਲਵਾਰ ਨੂੰ ਦੱਸਿਆ ਕਿ ਚੋਡਨਕਰ ਨੇ ਆਪਣਾ ਅਸਤੀਫਾ AICC ਨੂੰ ਭੇਜ ਦਿੱਤਾ ਹੈ। ਚੋਡੰਕਰ 40 ਮੈਂਬਰੀ ਗੋਆ ਵਿਧਾਨ ਸਭਾ ਦੀਆਂ ਹਾਲੀਆ ਚੋਣਾਂ ਦੌਰਾਨ ਕਾਂਗਰਸ ਦੇ ਮੁਖੀ ਸਨ।

 

ਸੋਨੀਆ ਗਾਂਧੀ ਨੇ ਮੰਗੇ ਸੀ ਅਸਤੀਫੇ 

ਸੁਰਜੇਵਾਲਾ ਨੇ ਟਵੀਟ ਕੀਤਾ, ''ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਦੀਆਂ ਸੂਬਾਈ ਇਕਾਈਆਂ ਦੇ ਪ੍ਰਧਾਨਾਂ ਨੂੰ ਅਸਤੀਫਾ ਦੇਣ ਲਈ ਕਿਹਾ ਹੈ ਤਾਂ ਜੋ ਸੂਬਾ ਕਾਂਗਰਸ ਕਮੇਟੀਆਂ ਦਾ ਪੁਨਰਗਠਨ ਕੀਤਾ ਜਾ ਸਕੇ।'' ਕਾਂਗਰਸ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਦੋ ਦਿਨ ਬਾਅਦ ਇਹ ਕਦਮ ਚੁੱਕਿਆ ਹੈ।  ਐਤਵਾਰ ਨੂੰ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਕਾਂਗਰਸ ਨੇਤਾਵਾਂ ਨੇ ਸੋਨੀਆ ਗਾਂਧੀ ਦੀ ਅਗਵਾਈ 'ਚ ਭਰੋਸਾ ਪ੍ਰਗਟਾਇਆ ਸੀ ਅਤੇ ਉਨ੍ਹਾਂ ਨੂੰ ਸੰਗਠਨਾਤਮਕ ਚੋਣਾਂ ਖਤਮ ਹੋਣ ਤੱਕ ਅਹੁਦੇ 'ਤੇ ਬਣੇ ਰਹਿਣ ਅਤੇ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਸੀ।