ਦੇਹਰਾਦੂਨ: ਉੱਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਵੱਡਾ ਦਾਅ ਖੇਡਿਆ ਹੈ। ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਗੁਰਮੀਤ ਸਿੰਘ ਨੂੰ ਫੌਜੀ ਮਹੱਤਵ ਵਾਲੇ ਸੂਬੇ ਉਤਰਾਖੰਡ ਵਿੱਚ ਰਾਜਪਾਲ ਨਿਯੁਕਤ ਕੀਤਾ ਹੈ। ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੇਂ ਰਾਜਪਾਲ ਦੀ ਨਿਯੁਕਤੀ ਨੂੰ ਰਾਜਨੀਤਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਦਰਅਸਲ ਉੱਤਰਾਖੰਡ ਵਿੱਚ ਕਿਸਾਨ ਅੰਦੋਲਨ ਕਰਕੇ ਬੀਜੇਪੀ ਬੈਕਫੁੱਟ 'ਤੇ ਹੈ। ਇੱਥੋਂ ਦਾ ਸਿੱਖ ਭਾਈਚਾਰਾ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿੱਚ ਡਟਿਆ ਹੋਇਆ ਹੈ। ਪੰਜਾਬ, ਹਰਿਆਣਾ ਤੇ ਯੂਪੀ ਤੋਂ ਬਾਅਦ ਉੱਤਰਾਖੰਡ ਵਿੱਚ ਹੀ ਕਿਸਾਨ ਅੰਦੋਲਨ ਦਾ ਸਭ ਤੋਂ ਵੱਡਾ ਅਸਰ ਹੈ। ਇਸ ਲਈ ਹੀ ਆਮ ਆਦਮੀ ਪਾਰਟੀ ਨੇ ਵੀ ਸੂਬੇ ਵਿੱਚ ਸਰਗਰਮੀ ਵਧਾ ਦਿੱਤੀ ਹੈ। ਅਜਿਹੇ ਵਿੱਚ ਬੀਜੇਪੀ ਦੀ ਹਾਲਾਤ ਔਖੀ ਬਣੀ ਹੋਈ ਹੈ।
ਦੂਜੇ ਪਾਸੇ ਉੱਤਰਾਖੰਡ ਵਿੱਚ ਲਗਪਗ ਹਰ ਪਰਿਵਾਰ ਦਾ ਇੱਕ ਮੈਂਬਰ ਫੌਜ ਵਿੱਚ ਹੈ ਜਾਂ ਫੌਜੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਰਾਜ ਵਿੱਚ ਲਗਪਗ 2.5 ਲੱਖ ਸਾਬਕਾ ਸੈਨਿਕ ਤੇ ਵੀਰ ਨਾਰੀਆਂ ਦਾ ਨਿਵਾਸ ਹੈ। ਫੌਜੀ ਪਰਿਵਾਰਾਂ ਨਾਲ ਸਬੰਧਤ ਵੋਟਰਾਂ ਦੀ ਗਿਣਤੀ ਨੂੰ ਕੁੱਲ ਵੋਟਰਾਂ ਦਾ ਲਗਪਗ 12 ਪ੍ਰਤੀਸ਼ਤ ਮੰਨਿਆ ਜਾਂਦਾ ਹੈ। ਇਸੇ ਕਾਰਨ ਕਰਕੇ, ਹਰ ਰਾਜਨੀਤਕ ਪਾਰਟੀ ਉਨ੍ਹਾਂ ਨੂੰ ਲੁਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ।
ਇਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੇਂਦਰ ਸਰਕਾਰ ਨੇ ਵੱਡਾ ਦਾਅ ਖੇਡਿਆ ਹੈ। ਲੈਫਟੀਨੈਂਟ ਜਨਰਲ (ਸੇਵਾ ਮੁਕਤ) ਗੁਰਮੀਤ ਸਿੰਘ ਨੂੰ ਉਤਰਾਖੰਡ ਵਿੱਚ ਰਾਜਪਾਲ ਨਿਯੁਕਤ ਕਰਕੇ ਬੀਜੇਪੀ ਸਿੱਖ ਭਾਈਚਾਰੇ ਤੇ ਫੌਜੀ ਪਰਿਵਾਰਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵਿੱਚ ਹੈ।
ਦੱਸ ਦਈਏ ਕਿ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਫੌਜ ਵਿੱਚ ਉੱਚ ਅਹੁਦਿਆਂ ’ਤੇ ਰਹੇ ਹਨ। ਉਨ੍ਹਾਂ ਚੀਨ ਨਾਲ ਜੁੜੇ ਰਣਨੀਤਕ ਮਾਮਲਿਆਂ ਦੀ ਵੀ ਅਗਵਾਈ ਕੀਤੀ ਹੈ। ਫ਼ੌਜੀ ਪ੍ਰਭਾਵ ਵਾਲੇ ਤੇ ਸੀਮਾਂਤ ਰਾਜ ਵਿੱਚ ਰਾਜ ਦੇ 8ਵੇਂ ਰਾਜਪਾਲ ਵਜੋਂ ਉਨ੍ਹਾਂ ਦੀ ਨਿਯੁਕਤੀ ਨੂੰ ਇੱਕ ਕੇਂਦਰੀ ਰਣਨੀਤੀ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। ਗੁਰਮੀਤ ਸਿੰਘ ਸਿੱਖ ਭਾਈਚਾਰੇ ਨਾਲ ਸਬੰਧਤ ਰਾਜ ਦੇ ਦੂਜੇ ਰਾਜਪਾਲ ਹੋਣਗੇ। ਉੱਤਰਾਖੰਡ ਦੇ ਪਹਿਲੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਸਨ। ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਵੋਟਰ ਹਨ।
ਸੂਬੇ ਦੀ ਰਾਜਨੀਤੀ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆਮ ਆਦਮੀ ਪਾਰਟੀ ਨੇ ਵੀ ਸਾਬਕਾ ਫੌਜੀ ਅਧਿਕਾਰੀ ਨੂੰ ਇੱਕ ਮੁੱਖ ਮੰਤਰੀ ਦੇ ਚਿਹਰੇ ਵਜੋਂ ਅੱਗੇ ਰੱਖਿਆ ਹੈ। ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਦੀ ਨਿਯੁਕਤੀ ਨੂੰ ਵੀ ਸਿਆਸੀ ਪਾਰਟੀਆਂ ਦੀ ਇਸ ਕਾਟ ਦਾ ਜਵਾਬ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Kisan Maha-Panchayat: ਕਸੂਤੀ ਘਿਰੀ ਹਰਿਆਣਾ ਸਰਕਾਰ, ਕਿਸਾਨਾਂ ਵੱਲੋਂ ਮੁੜ ਮਹਾ ਪੰਚਾਇਤ ਦਾ ਐਲਾਨ, ਗ੍ਰਹਿ ਮੰਤਰੀ ਵੱਲੋਂ ਚੇਤਾਵਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904