ਕਰਨਾਲ: ਹਰਿਆਣਾ ਸਰਕਾਰ ਕਸੂਤੀ ਘਿਰਦੀ ਜਾ ਰਹੀ ਹੈ। ਹੁਣ ਕਰਨਾਲ ਵਿੱਚ ਵੀ ਸਿੰਘੂ ਬਾਰਡਰ ਵਾਲੇ ਹਾਲਾਤ ਬਣਦੇ ਜਾ ਰਹੇ ਹਨ। ਕਿਸਾਨਾਂ ਨੇ ਪੱਕਾ ਮੋਰਚਾ ਲਾ ਲਿਆ ਹੈ ਤੇ ਭਾਂਤ-ਭਾਂਤ ਦੇ ਲੰਗਰ ਸ਼ੁਰੂ ਕਰ ਦਿੱਤੇ ਹਨ। ਇਸ ਸਪਸ਼ਟ ਹੈ ਕਿ ਕਿਸਾਨ ਹੁਣ ਪੱਕੇ ਤੌਰ 'ਤੇ ਡਟ ਗਏ ਹਨ।


ਉਧਰ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਲਈ ਕਿਸਾਨਾਂ ਨੇ 11 ਸਤੰਬਰ ਨੂੰ ਮੁੜ ਮਹਾ ਪੰਚਾਇਤ ਕਰਨ ਦਾ ਫੈਸਲਾ ਲਿਆ ਹੈ। ਮਹਾ ਪੰਚਾਇਤ ’ਚ ਅੰਦੋਲਨ ਦੀ ਅਗਲੀ ਰਣਨੀਤੀ ਬਣਾਈ ਜਾਵੇਗੀ। ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨ ਪ੍ਰਸ਼ਾਸਨ ਨਾਲ ਅਜੇ ਵੀ ਗੱਲਬਾਤ ਲਈ ਤਿਆਰ ਹੈ ਪਰ ਜੇਕਰ ਪ੍ਰਸ਼ਾਸਨ ਨੇ ਐਸਡੀਐਮ ਨੂੰ ਸਸਪੈਂਡ ਨਹੀਂ ਕੀਤਾ ਤਾਂ 11 ਸਤੰਬਰ ਨੂੰ ਇਥੇ ਹੀ ਮਹਾ ਪੰਚਾਇਤ ਕੀਤੀ ਜਾਵੇਗੀ।


ਉਧਰ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਕਰਨਾਲ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਘਟਨਾ ਦੀ ਪੁਲਿਸ ਜਾਂਚ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਕਹਿਣ ’ਤੇ ਇੱਕ ਵਿਅਕਤੀ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਘਟਨਾ ਦੀ ਨਿਰਪੱਖ ਜਾਂਚ ਸਰਕਾਰ ਕਰਵਾ ਲਵੇਗੀ ਪਰ ਇਸ ਜਾਂਚ ਦਾ ਸਾਹਮਣਾ ਕਿਸਾਨਾਂ ਨੂੰ ਵੀ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।


ਦੱਸ ਦਈਏ ਕਿ ਬੁੱਧਵਾਰ ਨੂੰ ਕਿਸਾਨ ਆਗੂਆਂ ਤੇ ਅਫ਼ਸਰਾਂ ਵਿਚਕਾਰ ਸਵਾ ਤਿੰਨ ਘੰਟੇ ਤੱਕ ਹੋਈ ਗੱਲਬਾਤ ਬੇਸਿੱਟਾ ਰਹੀ ਸੀ। ਭਾਰਤੀ ਕਿਸਾਨ ਯੂਨੀਅਨ ਦੇ ਤਰਜਮਾਨ ਰਾਕੇਸ਼ ਟਿਕੈਤ ਬੁੱਧਵਾਰ ਰਾਤ ਹੀ ਨੋਇਡਾ ਲਈ ਰਵਾਨਾ ਹੋ ਗਏ। ਹੁਣ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ’ਚ ਹੀ ਧਰਨਾ ਜਾਰੀ ਹੈ।


ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ


ਪ੍ਰਸ਼ਾਸਨ ਨੇ ਧਰਨੇ ਵਾਲੀ ਥਾਂ ’ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਲਾ ਦਿੱਤੇ ਹਨ ਤਾਂ ਜੋ ਕਿਸਾਨਾਂ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਸਕੇ। ਹਰਿਆਣਾ ਸਰਕਾਰ ਨੇ ਪਹਿਲਾਂ ਵਾਂਗ ਇੰਟਰਨੈੱਟ ਅਤੇ ਐਸਐੱਮਐਸ ਸੇਵਾ ਬੰਦ ਰੱਖੀ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਦੀ ਡਿਊਟੀ ਤਿੰਨ ਸ਼ਿਫਟਾਂ ਵਿੱਚ ਵੰਡ ਦਿੱਤੀ ਗਈ ਹੈ। ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਲਈ 40 ਕੰਪਨੀਆਂ ਨੂੰ ਬੁਲਾਇਆ ਗਿਆ ਹੈ। ਮੇਵਾਤ, ਭਿਵਾਨੀ, ਰੇਲਵੇ ਅੰਬਾਲਾ, ਕੈਥਲ ਤੇ ਪਾਨੀਪਤ ਦੇ ਐਸਪੀ ਸਣੇ 25 ਡੀਐਸਪੀ, 40 ਇੰਸਪੈਕਟਰ ਤਾਇਨਾਤ ਕੀਤੇ ਗਏ ਹਨ। ਕਰਨਾਲ, ਗੁਰੂਗ੍ਰਾਮ, ਰੋਹਤਕ, ਹਿਸਾਰ, ਰੇਵਾੜੀ ਰੇਂਜ ਦੀ ਫੋਰਸ ਜ਼ਿਲ੍ਹੇ ਵਿੱਚ ਲੱਗੀ ਹੋਈ ਹੈ।


ਇਹ ਵੀ ਪੜ੍ਹੋ: Petrol Diesel Price 10 September: ਦੇਸ਼ 'ਚ ਅਜੇ ਵੀ ਸਥਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904