ਜੋਸ਼ੀਮਠ: ਉੱਤਰਾਖੰਡ ਦੇ ਜੋਸ਼ੀਮਠ ਨੇੜੇ ਕੁਦਰਤ ਨੇ ਤਬਾਹੀ ਮਚਾਈ ਹੈ। ਗਲੇਸ਼ੀਅਰ ਟੁੱਟ ਕੇ ਰਿਸ਼ੀਗੰਗਾ ਪ੍ਰਾਜੈਕਟ ਉੱਪਰ ਡਿੱਗ ਗਿਆ ਜਿਸ ਨਾਲ ਡੈਮ ਢਹਿ-ਢੇਰੀ ਹੋ ਗਿਆ ਹੈ। ਪ੍ਰਸਾਸ਼ਨ ਨੇ ਰਿਸ਼ੀਗੰਗਾ ਨਦੀ ਨੇੜੇ ਅਲਰਟ ਜਾਰੀ ਕੀਤਾ ਹੈ। ਹੁਣ ਤੱਕ 150 ਦੇ ਕਰੀਬ ਲੋਕ ਲਾਪਤਾ ਹੋਂ ਦੀ ਜਾਣਕਾਰੀ ਹੈ। ਹੜ੍ਹ ਦੇ ਖਤਰੇ ਨੂੰ ਵੇਖਦਿਆਂ ਉੱਤਰਾਖੰਡ ਤੇ ਯੂਪੀ ਦੇ ਕੁਝ ਹਿੱਸਿਆ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।



ਇਸ ਬਾਰੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਹੈ ਕਿ ਭਾਰੀ ਬਾਰਸ਼ ਤੇ ਅਚਾਨਕ ਪਾਣੀ ਕਾਰਨ ਚਮੌਲੀ ਦੇ ਰੇਨੀ ਪਿੰਡ ਵਿੱਚ ਰਿਸ਼ੀਗੰਗਾ ਪ੍ਰਾਜੈਕਟ ਨੂੰ ਨੁਕਸਾਨ ਹੋਇਆ ਹੈ। ਨਦੀ ਵਿੱਚ ਅਚਾਨਕ ਪਾਣੀ ਦਾ ਵਹਾਅ ਹੋਣ ਕਾਰਨ ਅਲਾਕਨੰਦਾ ਦੇ ਹੇਠਲੇ ਇਲਾਕਿਆਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ। ਤੱਟਵਰਤੀ ਇਲਾਕਿਆਂ ਵਿੱਚ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ। ਨਦੀ ਦੇ ਕੰਢੇ ਵੱਸੇ ਲੋਕਾਂ ਨੂੰ ਹਟਾਇਆ ਜਾ ਰਿਹਾ ਹੈ।





ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕਿਹਾ, ਭਾਗੀਰਥੀ ਨਦੀ ਦਾ ਵਹਾਅ ਰੋਕ ਦਿੱਤਾ ਗਿਆ ਹੈ। ਅਲਕਨੰਦਾ ਪਾਣੀ ਦੇ ਪ੍ਰਵਾਹ ਨੂੰ ਰੋਕਣ ਲਈ ਸ੍ਰੀਨਗਰ ਡੈਮ ਤੇ ਰਿਸ਼ੀਕੇਸ਼ ਡੈਮ ਨੂੰ ਖਾਲੀ ਕਰਵਾ ਲਿਆ ਗਿਆ ਹੈ। ਐਸਡੀਆਰਐਫ ਅਲਰਟ ਤੇ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਅਫਵਾਹਾਂ ਤੋਂ ਬਚੋ। ਮੈਂ ਖੁਦ ਰਵਾਨਾ ਹੋ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਤੇ ਆਫ਼ਤ ਪ੍ਰਬੰਧਨ ਵਿਭਾਗ ਨੂੰ ਸਥਿਤੀ ਨਾਲ ਨਜਿੱਠਣ ਲਈ ਨਿਰਦੇਸ਼ ਦਿੱਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰੋ। ਸਰਕਾਰ ਸਾਰੇ ਜ਼ਰੂਰੀ ਕਦਮ ਉਠਾ ਰਹੀ ਹੈ।


ਦੱਸ ਦਈਏ ਕਿ ਉੱਤਰਾਖੰਡ ਦੇ ਜੋਸ਼ੀਮਠ ਨੇੜੇ ਰਿਸ਼ੀਗੰਗਾ ਪ੍ਰਾਜੈਕਟ ਵਿੱਚ ਗਲੇਸ਼ੀਅਰ ਡਿੱਗਣ ਕਾਰਨ ਭਾਰੀ ਤਬਾਹੀ ਦੀ ਖ਼ਬਰ ਹੈ। ਤਪੋਵਨ ਵਿੱਚ ਬਿਜਲੀ ਪ੍ਰਾਜੈਕਟ ਵਹਿਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਸੁੱਤੇ ਪਏ ਹਨ। ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਹੈ। ਰਾਹਤ ਤੇ ਬਚਾਅ ਦਾ ਕੰਮ ਚੱਲ ਰਿਹਾ ਹੈ।