ਦੇਹਰਾਦੂਨ: ਉੱਤਰਾਖੰਡ ਦੇ ਜ਼ਿਲ੍ਹਾ ਟਿਹਰੀ ਵਿੱਚ ਮੰਗਲਵਾਰ ਸਵੇਰੇ ਸਕੂਲੀ ਵਾਹਨ ਖੱਡ ਵਿੱਚ ਡਿੱਗਣ ਨਾਲ 9 ਬੱਚਿਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋ ਗਏ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਇਲਾਜ ਕਰਨ ਦੀ ਹਦਾਇਤ ਕੀਤੀ ਹੈ। ਇਸ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਵੀ ਆਦੇਸ਼ ਦਿੱਤੇ ਗਏ ਹਨ।
ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਮੁਤਾਬਕ ਪ੍ਰਤਾਪਨਗਰ ਤਹਿਸੀਲ ਦੇ ਲੰਬਗਾਓਂ-ਮਦਨਨੇਗੀ ਮੋਟਰਵੇਅ 'ਤੇ ਸਵੇਰੇ ਕਰੀਬ 7.30 ਵਜੇ ਇਹ ਹਾਦਸਾ ਵਾਪਰਿਆ ਜਦੋਂ 18-22 ਬੱਚਿਆਂ ਨੂੰ ਲੈ ਕੇ ਜਾ ਰਹੀ ਟਾਟਾ ਸੂਮੋ ਅਚਾਨਕ ਖੱਡ ਵਿੱਚ ਜਾ ਡਿੱਗੀ। ਸੂਚਨਾ ਮਿਲਣ 'ਤੇ ਪੁਲਿਸ ਤੇ ਐਸਡੀਆਰਐਫ ਦੇ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਆਰੰਭ ਕੀਤੇ।
ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ 9 ਬੱਚੇ ਮਾਰੇ ਗਏ ਤੇ 10 ਹੋਰ ਜ਼ਖਮੀ ਹੋ ਗਏ। ਜ਼ਖਮੀ ਬੱਚਿਆਂ ਨੂੰ ਬੈਰਾੜੀ ਦੇ ਟਹਿਰੀ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਇੱਥੋਂ ਜ਼ਿਆਦਾ ਗੰਭੀਰ ਜ਼ਖ਼ਮੀ ਬੱਚਿਆਂ ਨੂੰ ਹੈਲੀਕਾਪਟਰ ਜ਼ਰੀਏ ਏਅਰਲਿਫਟ ਕਰਕੇ ਰਿਸ਼ੀਕੇਸ਼ ਏਮਜ਼ ਲਿਆਂਦਾ ਗਿਆ। ਇਹ ਬੱਚੇ ਐਮਰਜੈਂਸੀ ਵਾਰਡ ਵਿੱਚ ਦਾਖਲ ਹਨ। ਬੱਚਿਆਂ ਦੀ ਉਮਰ 4 ਤੋਂ 13 ਸਾਲ ਦੇ ਵਿਚਕਾਰ ਸੀ।