ਉੱਤਰਕਾਸ਼ੀ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਸਥਾਨਕ ਮੰਤਰੀ ਬ੍ਰਜੇਂਦਰ ਪ੍ਰਤਾਪ ਸਿੰਘ ਅਤੇ 4 ਸੀਨੀਅਰ ਅਧਿਕਾਰੀ ਉੱਤਰਾਖੰਡ ਜਾਣਗੇ। ਰਾਤ ਨੂੰ ਦੇਹਰਾਦੂਨ 'ਚ ਪੂਰੇ ਬਚਾਅ ਅਤੇ ਜ਼ਖਮੀਆਂ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਮੁੱਖ ਮੰਤਰੀ ਸਵੇਰੇ ਹੈਲੀਕਾਪਟਰ ਰਾਹੀਂ ਉੱਤਰਕਾਸ਼ੀ ਜ਼ਿਲੇ ਲਈ ਰਵਾਨਾ ਹੋਣਗੇ।

 





ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਉੱਤਰਕਾਸ਼ੀ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, 'ਜਦੋਂ ਉੱਤਰਾਖੰਡ 'ਚ ਇੰਨਾ ਵੱਡਾ ਹਾਦਸਾ ਹੋਇਆ ਹੈ ਤਾਂ ਮੈਨੂੰ ਨੀਂਦ ਨਹੀਂ ਆ ਸਕਦੀ। ਮੈਂ ਤੁਰੰਤ ਦੇਹਰਾਦੂਨ ਲਈ ਰਵਾਨਾ ਹੋ ਰਿਹਾ ਹਾਂ। ਮੰਤਰੀ ਬ੍ਰਿਜੇਂਦਰ ਪ੍ਰਤਾਪ ਸਿੰਘ, ਡੀਜੀਪੀ, ਗ੍ਰਹਿ ਸਕੱਤਰ ਸਮੇਤ ਸੀਨੀਅਰ ਅਧਿਕਾਰੀਆਂ ਦੀ ਟੀਮ ਵੀ ਮੇਰੇ ਨਾਲ ਜਾ ਰਹੀ ਹੈ। ਸਾਡੀ ਹਮਦਰਦੀ ਉਨ੍ਹਾਂ ਲੋਕਾਂ ਨਾਲ ਹੈ ,ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਗੁਆ ਦਿੱਤਾ ਹੈ।

 ।


ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਸੜਕ ਹਾਦਸੇ 'ਚ ਹੋਈਆਂ ਮੌਤਾਂ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਲਿਖਿਆ, ‘ਉਤਰਾਖੰਡ ਵਿੱਚ ਬੱਸ ਹਾਦਸਾ ਬੇਹੱਦ ਦਰਦਨਾਕ ਹੈ। ਇਸ ਵਿੱਚ ਮੈਂ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ,ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ। ਸੂਬਾ ਸਰਕਾਰ ਦੀ ਦੇਖ-ਰੇਖ 'ਚ ਸਥਾਨਕ ਪ੍ਰਸ਼ਾਸਨ ਮੌਕੇ 'ਤੇ ਹਰ ਸੰਭਵ ਮਦਦ ਕਰਨ 'ਚ ਲੱਗਾ ਹੋਇਆ ਹੈ।



ਦੱਸ ਦੇਈਏ ਕਿ ਯਮੁਨਾ ਘਾਟੀ 'ਚ ਯਾਤਰੀਆਂ ਦੀ ਬੱਸ ਖੱਡ 'ਚ ਡਿੱਗਣ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਹ ਬੱਸ ਕਰੀਬ 200 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ ਹੈ। ਸੂਚਨਾ ਮਿਲਣ 'ਤੇ ਰਾਹਤ ਕਾਰਜਾਂ ਲਈ ਐਸਡੀਆਰਐਫ ਦੇ ਜਵਾਨਾਂ ਨੂੰ ਮੌਕੇ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਐਸਪੀ ਅਰਪਨ ਯਧੂਵੰਸ਼ੀ ਨੇ ਦੱਸਿਆ ਕਿ ਇਹ ਹਾਦਸਾ ਦਮਤਾ ਤੋਂ ਕਰੀਬ 2 ਕਿਲੋਮੀਟਰ ਦੂਰ ਨੌਗਾਓਂ ਦੀ ਦਿਸ਼ਾ ਵਿੱਚ ਵਾਪਰਿਆ। ਬੱਸ ਵਿੱਚ ਸਵਾਰ ਯਾਤਰੀ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਵਸਨੀਕ ਹਨ। ਤਿੰਨ ਐਂਬੂਲੈਂਸਾਂ ਮੌਕੇ 'ਤੇ ਪਹੁੰਚ ਗਈਆਂ ਹਨ। ਰਾਹਤ ਬਚਾਅ ਕਾਰਜ ਜਾਰੀ ਹੈ।