ਮੰਡੀ ਡੱਬਵਾਲੀ : ਹਰਿਆਣਾ ਦੇ JJP ਨੇਤਾ ਦਿਗਵਿਜੇ ਚੌਟਾਲਾ ਨੇ ਕਿਹਾ ਹੈ ਕਿ ਹਰਿਆਣਾ ਦੇ ਮੰਡੀ ਡੱਬਵਾਲੀ 'ਚ ਸਿੱਧੂ ਮੂਸੇਵਾਲਾ ਦੇ ਨਾਂ 'ਤੇ ਯਾਦਗਾਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਿਊਜ਼ਿਕ ਸਕੂਲ ਜਾਂ ਪਾਰਕ ਦਾ ਨਾਂ ਸਿੱਧੂ ਮੂਸੇਵਾਲਾ ਦੇ ਨਾਮ 'ਤੇ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ 8 ਤਰੀਕ ਤੋਂ ਬਾਅਦ ਪਰਿਵਾਰ ਹਰਿਆਣਾ ਸਰਕਾਰ ਨੂੰ ਕੋਈ ਵੀ ਸ਼ਿਕਾਇਤ ਦੇਵੇਗਾ ਅਤੇ ਹਰਿਆਣਾ ਵਿਚ ਇਸ ਦੀ ਵੱਖਰੇ ਤੌਰ 'ਤੇ ਜਾਂਚ ਕੀਤੀ ਜਾਵੇਗੀ।


ਕਿਉਂਕਿ ਕਈ ਲੋਕਾਂ ਦੀਆਂ ਤਾਰਾਂ ਹਰਿਆਣਾ ਨਾਲ ਜੁੜੀਆਂ ਹੋਈਆਂ ਹਨ, ਇਸ ਲਈ ਹਰਿਆਣਾ ਇਸ ਗੱਲ ਦੀ ਵੱਖਰੇ ਤੌਰ 'ਤੇ ਆਪਣੇ ਪੱਧਰ 'ਤੇ ਜਾਂਚ ਕਰੇਗਾ ਅਤੇ ਜੇਕਰ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਜਾਂਦੀ ਹੈ ਤਾਂ ਹਰਿਆਣਾ ਉਸ ਲਈ ਵੀ ਤਿਆਰ ਹੈ, ਜਿਸ 'ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ। 

 

ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਮਲਾਵਰਾਂ ਨਾਲ ਆਪਣੇ ਆਖਰੀ ਸਾਹਾਂ ਤੱਕ ਲੜਦਾ ਰਿਹਾ ਹੈ। ਪੁਲਿਸ ਨੇ ਮੂਸੇਵਾਲਾ ਦੀ ਥਾਰ ਗੱਡੀ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ। ਉਸ ਪਿਸਤੌਲ ਤੋਂ ਗੋਲੀਆਂ ਚਲਾਈਆਂ ਗਈਆਂ। 

 

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਰਪ ਸ਼ੂਟਰਾਂ ਦੀ ਪਛਾਣ ਹੋ ਗਈ ਹੈ। ਜਾਣਕਾਰੀ ਮੁਤਾਬਕ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ੱਕੀ ਸ਼ਾਰਪ ਸ਼ੂਟਰ ਸੋਨੀਪਤ ਦੇ ਰਹਿਣ ਵਾਲੇ ਹਨ। ਪ੍ਰਿਆਵਤ ਫੌਜੀ ਅਤੇ ਅੰਕਿਤ ਸੇਰਸਾ ਦਾ ਨਾਂ ਸਾਹਮਣੇ ਆ ਰਿਹਾ ਹੈ। ਇਹ ਦੋਵੇਂ ਸ਼ੱਕੀ ਸ਼ੂਟਰ ਪੈਟਰੋਲ ਪੰਪ 'ਤੇ ਕਾਰ 'ਚ ਤੇਲ ਭਰਦੇ ਹੋਏ ਸੀਸੀਟੀਵੀ ਫੁਟੇਜ 'ਚ ਕੈਦ ਹੋ ਗਏ।


ਫਤਿਹਾਬਾਦ ਦੇ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਦੋਵੇਂ ਸੋਨੀਪਤ ਦੇ ਰਹਿਣ ਵਾਲੇ ਹਨ। ਪੁਲਿਸ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਇੱਕ ਤੋਂ ਬਾਅਦ ਇੱਕ ਕਈ ਕੜੀਆਂ ਜੋੜਨ ਵਿੱਚ ਲੱਗੀ ਹੋਈ ਹੈ। ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਅਨੁਸਾਰ ਦੋ ਵਿਅਕਤੀ ਦਿੱਲੀ ਨੰਬਰ ਦੀ ਕਾਰ ਵਿੱਚ ਤੇਲ ਲੈਣ ਫਤਿਹਾਬਾਦ ਦੇ ਬੀਸਲਾ ਪਿੰਡ ਦੇ ਪੈਟਰੋਲ ਪੰਪ 'ਤੇ ਪਹੁੰਚੇ ਸਨ।

 

 ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਲਈ ਸੀ ਜ਼ਿੰਮੇਵਾਰੀ


ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬਿਸ਼ਨੋਈ ਮਕੋਕਾ ਦੇ ਤਹਿਤ ਸੰਗਠਿਤ ਅਪਰਾਧ ਦੇ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ 'ਚ ਬੰਦ ਹੈ। ਲਾਰੈਂਸ ਬਿਸ਼ਨੋਈ ਦੇ ਗਿਰੋਹ ਦੇ ਕੈਨੇਡੀਅਨ ਮੂਲ ਦੇ ਮੈਂਬਰ ਗੋਲਡੀ ਬਰਾੜ ਨੇ ਇੱਕ ਫੇਸਬੁੱਕ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਮੂਸੇਵਾਲਾ ਨੂੰ ਦਿਨ-ਦਿਹਾੜੇ ਘੱਟੋ-ਘੱਟ 30 ਗੋਲੀਆਂ ਮਾਰੀਆਂ ਗਈਆਂ ਸੀ।

ਦੇਹਰਾਦੂਨ ਤੋਂ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ


ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਨੇ ਸੋਮਵਾਰ ਨੂੰ ਦੇਹਰਾਦੂਨ ਤੋਂ ਪੰਜ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਸ਼ੁਰੂ ਕੀਤੇ ਗਏ ਯਤਨਾਂ ਦੇ ਨਾਲ-ਨਾਲ ਪੁਲਿਸ  ਸੀਸੀਟੀਵੀ ਫੁਟੇਜ 'ਚ ਦਿਖਾਈ ਦੇਣ ਵਾਲੇ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨੇ ਐਤਵਾਰ ਨੂੰ ਮਾਨਸਾ ਦੇ ਇਕ ਢਾਬੇ 'ਤੇ ਖਾਣਾ ਖਾਧਾ ਸੀ। ਇਹ ਸੀਸੀਟੀਵੀ ਫੁਟੇਜ ਉਸੇ ਢਾਬੇ ਦੀ ਹੈ।