Vice President Jagdeep Dhankhar Resigns: ਭਾਰਤ ਦੇ ਉਪਰਾਸ਼ਟਰਪਤੀ ਜਗਦੀਪ ਧਨਖੜ ਨੇ ਤੁਰੰਤ ਪ੍ਰਭਾਵ ਨਾਲ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਸੰਬੋਧਨ ਕਰਦੇ ਹੋਏ ਚਿੱਠੀ ਰਾਹੀਂ ਉਨ੍ਹਾਂ ਨੇ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਸੰਵਿਧਾਨ ਦੇ ਆਰਟਿਕਲ 67(ਏ) ਅਧੀਨ ਅਸਤੀਫਾ ਦਿੱਤਾ। ਉਨ੍ਹਾਂ ਨੇ ਰਾਸ਼ਟਰਪਤੀ ਦਾ ਉਨ੍ਹਾਂ ਦੇ ਸਹਿਯੋਗ ਅਤੇ ਸਨੇਹਪੂਰਕ ਸਬੰਧਾਂ ਲਈ ਧੰਨਵਾਦ ਕੀਤਾ।
ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਦਿੱਤਾ ਅਸਤੀਫਾ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਸੰਬੋਧਤ ਇੱਕ ਪੱਤਰ ਵਿੱਚ ਜਗਦੀਪ ਧਨਖੜ ਨੇ ਲਿਖਿਆ, "ਸਿਹਤ ਦੀ ਸੰਭਾਲ ਨੂੰ ਤਰਜੀਹ ਦੇਣ ਅਤੇ ਡਾਕਟਰੀ ਸਲਾਹ ਮੰਨਣ ਲਈ ਮੈਂ ਭਾਰਤ ਦੇ ਉਪਰਾਸ਼ਟਰਪਤੀ ਦੇ ਪਦ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਰਿਹਾ ਹਾਂ। ਸਾਡੀ ਮਹਾਨ ਲੋਕਤੰਤਰਕ ਪ੍ਰਥਾ ਵਿੱਚ ਉਪਰਾਸ਼ਟਰਪਤੀ ਦੇ ਤੌਰ 'ਤੇ ਜੋ ਬੇਮੁੱਲੇ ਅਨੁਭਵ ਮਿਲੇ, ਉਨ੍ਹਾਂ ਲਈ ਮੈਂ ਦਿਲੋਂ ਆਭਾਰੀ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹਿਯੋਗ ਤੇ ਸਮਰਥਨ ਬੇਹੱਦ ਕੀਮਤੀ ਰਿਹਾ। ਆਪਣੇ ਕਾਰਜਕਾਲ ਦੌਰਾਨ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ।"
ਜਗਦੀਪ ਧਨਖੜ ਨੇ ਲਿਖਿਆ, "ਮੈਨੂੰ ਸੰਸਦ ਦੇ ਸਾਰੇ ਮਾਣਯੋਗ ਮੈਂਬਰਾਂ ਵਲੋਂ ਜੋ ਸਨੇਹਾ, ਭਰੋਸਾ ਅਤੇ ਸਨਮਾਨ ਮਿਲਿਆ, ਉਹ ਸਦਾ ਮੇਰੇ ਦਿਲ ਵਿੱਚ ਵੱਸਿਆ ਰਹੇਗਾ। ਇਸ ਮਹੱਤਵਪੂਰਨ ਅਵਧੀ ਦੌਰਾਨ ਭਾਰਤ ਦੀ ਆਰਥਿਕ ਤਰੱਕੀ ਅਤੇ ਬੇਮਿਸਾਲ ਵਿਕਾਸ ਨੂੰ ਦੇਖਣਾ ਅਤੇ ਉਸ ਵਿੱਚ ਹਿੱਸਾ ਲੈਣਾ ਮੇਰੇ ਲਈ ਖੁਸ਼ਕਿਸਮਤੀ ਅਤੇ ਸੰਤੋਖ ਦੀ ਗੱਲ ਰਹੀ ਹੈ।"
ਮਾਨਸੂਨ ਸੈਸ਼ਨ ਦੌਰਾਨ ਦਿੱਤਾ ਅਸਤੀਫਾ
ਜਗਦੀਪ ਧਨਖੜ ਨੇ 6 ਅਗਸਤ 2022 ਨੂੰ ਭਾਰਤ ਦੇ 14ਵੇਂ ਉਪਰਾਸ਼ਟਰਪਤੀ ਵਜੋਂ ਸਹੁੰ ਲਈ ਸੀ। ਉਨ੍ਹਾਂ ਨੇ ਮਾਨਸੂਨ ਸੈਸ਼ਨ ਦੌਰਾਨ ਅਸਤੀਫਾ ਦਿੱਤਾ ਹੈ। ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ (21 ਜੁਲਾਈ 2025) ਨੂੰ ਉਨ੍ਹਾਂ ਨੇ ਰਾਜ ਸਭਾ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਤਣਾਅ ਘਟਾਉਣ ਅਤੇ ਇਕ ਸਨੇਹਪੂਰਨ ਮਾਹੌਲ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇੱਕ ਸਮ੍ਰਿੱਧ ਲੋਕਤੰਤਰ ਲਗਾਤਾਰ ਟਕਰਾਅ ਵਾਲੀ ਸਥਿਤੀ ਵਿੱਚ ਕਦੇ ਨਹੀਂ ਟਿਕ ਸਕਦਾ।
ਰਾਜ ਸਭਾ ਦੀ ਬੈਠਕ ਵਿੱਚ ਉਨ੍ਹਾਂ ਨੇ ਕਿਹਾ, "ਰਾਜਨੀਤੀ ਦਾ ਮੂਲ ਸਿਧਾਂਤ ਟਕਰਾਅ ਨਹੀਂ, ਸੰਵਾਦ ਹੈ। ਵੱਖ-ਵੱਖ ਰਾਜਨੀਤਕ ਪਾਰਟੀਆਂ ਭਲੇ ਹੀ ਵੱਖ-ਵੱਖ ਰਸਤੇ ਉੱਤੇ ਚੱਲਦੀਆਂ ਹੋਣ, ਪਰ ਸਭ ਦਾ ਲਕਸ਼ ਦੇਸ਼ ਹਿੱਤ ਹੀ ਹੁੰਦਾ ਹੈ। ਭਾਰਤ ਵਿੱਚ ਕੋਈ ਵੀ ਕਦੇ ਰਾਸ਼ਟਰ ਦੇ ਹਿੱਤਾਂ ਦਾ ਵਿਰੋਧ ਨਹੀਂ ਕਰਦਾ।"
ਦਸੰਬਰ 2024 ਵਿੱਚ, ਜਦੋਂ ਵਿਰੋਧੀ ਸਾਂਸਦਾਂ ਵੱਲੋਂ ਸਦਨ ਵਿੱਚ ਸ਼ੋਰ-ਸ਼ਰਾਬਾ ਕੀਤਾ ਜਾ ਰਿਹਾ ਸੀ, ਤਾਂ ਜਗਦੀਪ ਧਨਖੜ ਨੇ ਕਿਹਾ ਸੀ, "ਮੈਂ ਕਿਸਾਨ ਦਾ ਪੁੱਤ ਹਾਂ, ਕਮਜ਼ੋਰੀ ਨਹੀਂ ਦਿਖਾਵਾਂਗਾ, ਦੇਸ਼ ਲਈ ਮਰ ਜਾਵਾਂਗਾ।" ਉਨ੍ਹਾਂ ਦੇ ਕਾਰਜਕਾਲ ਦੌਰਾਨ ਇਸ ਬਿਆਨ ਦਾ ਵੀ ਜ਼ਿਕਰ ਜ਼ਰੂਰ ਕੀਤਾ ਜਾਵੇਗਾ।