ਨਵੀਂ ਦਿੱਲੀ: ਤਮਿਲਨਾਡੂ ‘ਚ ਇੱਕ ਬਜ਼ੁਰਗ ਜੋੜੇ ਨੇ ਦੋ ਹਥਿਆਰਬੰਦ ਲੁਟੇਰਿਆਂ ਨਾਲ ਜੰਮ ਕੇ ਮੁਕਾਬਲਾ ਕੀਤਾ। ਬਹਾਦਰੀ ਨਾਲ ਲੜਦੇ ਹੋਏ ਉਨ੍ਹਾਂ ਨੇ ਲੁਟੇਰਿਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਬਜ਼ੁਰਗ ਜੋੜੇ ਦਾ ਇਸ ਸਮੇਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਣ ਵਾਲੇ ਲੋਕ ਦੋਵਾਂ ਦੀ ਜੰਮਕੇ ਤਾਰੀਫ ਕਰ ਰਹੇ ਹਨ।

ਲੁਟੇਰਿਆਂ ਨਾਲ ਇਸ ਜੋੜੇ ਦਾ ਮੁਕਾਬਲਾ ਉਨ੍ਹਾਂ ਦੇ ਘਰ ਲੱਗੇ ਸੀਸੀਟੀਵੀ ‘ਚ ਕੈਦ ਹੋ ਗਿਆ। ਸੀਸੀਟੀਵੀ ਵਿਜ਼ੂਅਲ ਦੇਖਣ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ 70 ਸਾਲ ਦੇ ਸ਼ਾਨਮੁਗਵੇਲ ਦੱਖਣੀ ਤਮਿਲਨਾਡੂ ਦੇ ਤਿਰੁਨੇਲਵੇਲੀ ਜ਼ਿਲ਼੍ਹੇ ‘ਚ ਆਪਣੇ ਫਾਰਮ ਹਾਉਸ ਬਾਹਰ ਬੈਠੇ ਹਨ। ਅਚਾਨਕ ਇੱਕ ਨਕਾਬਪੋਸ਼ ਉਨ੍ਹਾਂ ਦੇ ਪਿੱਛੇ ਆਉਂਦਾ ਹੈ ਤੇ ਗਲ ਨੂੰ ਕੱਪੜੇ ਨਾਲ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਸ਼ਨਮੁਗਵੇਲ ਖੁਦ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇੰਨੇ ‘ਚ ਇੱਕ ਲੁਟੇਰਾ ਹੋਰ ਆ ਜਾਂਦਾ ਹੈ। ਦੋਵੇਂ ਉਨ੍ਹਾਂ ਨਾਲ ਕੁੱਟਮਾਰ ਕਰਨ ਲੱਗਦੇ ਹਨ।

ਇਸ ਦੌਰਾਨ ਸ਼ਨਮੁਗਵੇਲ ਦੀ ਪਤਨੀ ਵੀ ਰੌਲਾ ਸੁਣ ਉੱਥੇ ਆ ਜਾਂਦੀ ਹੈ ਤੇ ਫੇਰ ਦੋਵੇਂ ਮਿਲ ਕੇ ਲੁਟੇਰਿਆਂ ਦਾ ਮੁਕਾਬਲਾ ਕਰਦੇ ਹਨ। ਜਿੱਥੇ ਉਨ੍ਹਾਂ ਦੀ ਪਤਨੀ ਇੱਕ ਨੂੰ ਚੱਪਲ ਨਾਲ ਕੁੱਟਦੀ ਹੈ, ਉੱਥੇ ਹੀ ਦੂਜੇ ਨੂੰ ਸ਼ਨਮੁਗਵੇਲ ਕੁਰਸੀ ਨਾਲ ਕੁੱਟਦੇ ਹਨ। ਇਸ ਤੋਂ ਬਾਅਦ ਦੋਵੇਂ ਲੁਟੇਰੇ ਭੱਜਣ ਨੂੰ ਮਜਬੂਰ ਹੋ ਜਾਂਦੇ ਹਨ।


ਬਾਅਦ ‘ਚ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ। ਜਾਂਚਕਰਤਾ ਨੇ ਕਿਹਾ ਕਿ ਜੋੜਾ ਇਕੱਲਾ ਰਹਿੰਦਾ ਸੀ ਤੇ ਇਹ ਘਟਨਾ ਐਤਵਾਰ ਨੂੰ ਕਰੀਬ 9 ਵਜੇ ਹੋਈ। ਮਾਮਲੇ ਦੀ ਜਾਂਚ ਚਲ ਰਹੀ ਹੈ ਪਰ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।