ਨਵੀਂ ਦਿੱਲੀ: ਭਾਰਤ ਦੀਆਂ ਵੱਖ-ਵੱਖ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਲੈ ਕੇ ਭਗੌੜਾ ਚੱਲ ਰਿਹਾ ਵਿਜੇ ਮਾਲਿਆ ਲੰਡਨ ਦੀ ਅਦਾਲਤ 'ਚ ਪੇਸ਼ ਹੋਇਆ। ਸੁਣਵਾਈ ਦੌਰਾਨ ਅਦਾਲਤ ਨੇ ਭਾਰਤੀ ਅਧਿਕਾਰੀਆਂ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਬੈਰਕ ਨੰਬਰ 12 ਦੀ ਵੀਡੀਓ ਬਣਾ ਕੇ ਤਿੰਨ ਹਫ਼ਤਿਆਂ 'ਚ ਅਦਾਲਤ 'ਚ ਪੇਸ਼ ਕਰਨ ਲਈ ਕਿਹਾ। ਅਦਾਲਤ ਨੇ ਵਿਜੇ ਮਾਲਿਆ ਦੀ ਜ਼ਮਾਨਤ ਦੀ ਅਗਲੀ ਸੁਣਵਾਈ 12 ਸਤੰਬਰ 'ਤੇ ਪਾ ਦਿੱਤੀ। ਇਸ ਤੋਂ ਇਲਾਵਾ ਹੁਣ ਮਾਲਿਆ ਨੇ ਬੈਂਕਾਂ ਦਾ ਪੈਸਾ ਵਾਪਸ ਕਰਨ ਲਈ ਦੀ ਪੇਸ਼ਕਸ਼ ਵੀ ਕੀਤੀ ਹੈ।


ਲੰਡਨ ਦੀ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ 'ਚ ਦੋਵਾਂ ਬਚਾਅ ਅਤੇ ਇਸਤਗਾਸਾ (ਪ੍ਰੌਸੀਕਿਊਸ਼ਨ) ਧਿਰ ਨੇ ਆਰਥਰ ਰੋਡ ਜੇਲ੍ਹ ਦੀ ਬੈਰਕ 12 'ਤੇ ਆਪੋ-ਆਪਣੇ ਸਪੱਸ਼ਟੀਕਰਨ ਪੇਸ਼ ਕੀਤੇ ਜਿੱਥੇ ਮਾਲਿਆ ਨੂੰ ਹਵਾਲਗੀ ਤੋਂ ਬਾਅਦ ਰੱਖਣ ਦੀ ਯੋਜਨਾ ਹੈ। ਦਲੀਲਾਂ ਸੁਣਨ ਤੋਂ ਬਾਅਦ ਜੱਜ ਏਮਾ ਅਰਬੂਥਨੋਟ ਨੇ ਭਾਰਤੀ ਅਧਿਕਾਰੀਆਂ ਨੂੰ ਆਰਥਰ ਰੋਡ ਜੇਲ੍ਹ ਦੀ 12 ਨੰਬਰ ਬੈਰਕ ਦੀ ਵੀਡੀਓ ਤਿੰਨ ਹਫ਼ਤਿਆਂ 'ਚ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ।

ਸਿਧਾਰਥ ਨਾਲ ਪੁੱਜੇ ਵਿਜੇ ਮਾਲਿਆ ਨੇ ਅਦਾਲਤ 'ਚ ਕਿਹਾ ਕਿ ਆਰਥਰ ਜੇਲ੍ਹ 'ਚ ਕੁਦਰਤੀ ਰੌਸ਼ਨੀ ਤੇ ਤਾਜ਼ੀ ਹਵਾ ਨਹੀਂ ਆਉਂਦੀ। ਇਸ 'ਤੇ ਜੱਜ ਨੇ ਕਿਹਾ ਕਿ ਜੇਲ੍ਹ 'ਚ ਦਾਖ਼ਲ ਹੋਣ ਤੋਂ ਲੈ ਕੇ ਅੰਦਰਲੇ ਦ੍ਰਿਸ਼ ਦੀ ਦੁਪਹਿਰ ਵੇਲੇ ਦੀ ਫ਼ਿਲਮ ਬਣਾ ਕੇ ਪੇਸ਼ ਕੀਤੀ ਜਾਵੇ। ਵਿਜੇ ਮਾਲਿਆ ਦੇ ਵਕੀਲ ਕਲੇਅਰ ਮਾਟਗੁਮਰੇ ਨੇ ਦੋਸ਼ ਲਾਇਆ ਕਿ ਤਸਵੀਰਾਂ 'ਚ ਤਕਨੀਕੀ ਢੰਗ ਨਾਲ ਰੌਸ਼ਨੀ ਵਿਖਾਈ ਗਈ ਹੈ।

ਦੂਜੇ ਪਾਸੇ ਭਾਰਤ ਨੇ ਅਦਾਲਤ ਨੂੰ ਦੱਸਿਆ ਕਿ ਇਹ ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਹਨ। ਸਰਕਾਰੀ ਵਕੀਲ ਮਾਰਕ ਸੁਮਰਜ਼ ਨੇ ਕਿਹਾ ਕਿ ਵਿਜੇ ਮਾਲਿਆ ਨੂੰ ਜਿਸ ਬੈਰਕ 'ਚ ਰੱਖਿਆ ਜਾਵੇਗਾ, ਉਸ 'ਚ ਤਾਜ਼ਾ ਹਵਾ ਤੇ ਰੌਸ਼ਨੀ ਹੋਵੇਗੀ ਅਤੇ ਪੱਛਮੀ ਤਰੀਕੇ ਦਾ ਪਖ਼ਾਨਾ ਤੇ ਸਾਫ਼ ਬਿਸਤਰਾ ਮੁਹੱਈਆ ਕਰਵਾਇਆ ਜਾਵੇਗਾ ।

ਵਿਜੇ ਮਾਲਿਆ ਨੂੰ ਮੁੰਬਈ ਦੀ ਆਰਥਰ ਜੇਲ੍ਹ 'ਚ ਰੱਖਿਆ ਜਾਵੇਗਾ

ਭਾਰਤੀ ਮੰਤਰਾਲੇ ਮੁਤਾਬਕ ਵਿਜੇ ਮਾਲਿਆ ਨੂੰ ਯੂ.ਕੇ. ਤੋਂ ਹਵਾਲਗੀ ਤੋਂ ਬਾਅਦ ਮੁੰਬਈ ਦੀ ਆਰਥਰ ਜੇਲ੍ਹ 'ਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਜੇਲ੍ਹ ਭਾਰਤ ਦੀਆਂ ਬਿਹਤਰ ਜੇਲ੍ਹਾਂ 'ਚੋਂ ਇੱਕ ਹੈ। ਉਨ੍ਹਾਂ ਮਾਲਿਆ ਵਲੋਂ ਜੇਲ੍ਹ 'ਚ ਜਾਨ ਦੇ ਖ਼ਤਰੇ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਭਾਰਤ ਦੀਆਂ ਜੇਲ੍ਹਾਂ ਵੀ ਦੁਨੀਆ ਦੇ ਹੋਰਨਾਂ ਦੇਸ਼ਾਂ ਦੀਆਂ ਜੇਲ੍ਹਾਂ ਵਾਂਗ ਬਿਹਤਰ ਹਨ ਅਤੇ ਭਾਰਤੀ ਜੇਲ੍ਹਾਂ 'ਚ ਕੈਦੀਆਂ ਦੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੈਦੀਆਂ ਦੇ ਇਲਾਜ ਲਈ ਆਰਥਰ ਰੋਡ ਜੇਲ੍ਹ 'ਚ ਢੁੱਕਵੀਆਂ ਡਾਕਟਰੀ ਸਹੂਲਤਾਂ ਉਪਲਬਧ ਹਨ ਅਤੇ ਇੱਥੇ ਮਾਲਿਆ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ।

ਮਾਲਿਆ ਨੇ ਕਿਹਾ ਬਕਾਏ ਦਾ ਭੁਗਤਾਨ ਕਰਨ ਲਈ ਤਿਆਰ

ਅਦਾਲਤ 'ਚ ਸੁਣਵਾਈ ਲਈ ਪੁੱਜੇ ਵਿਜੇ ਮਾਲਿਆ ਨੇ ਇਕ ਵਾਰ ਫ਼ਿਰ ਦੁਹਰਾਇਆ ਕਿ ਉਹ ਸਾਲ 2015 ਤੋਂ ਭਾਰਤੀ ਬੈਂਕਾਂ ਨਾਲ ਆਪਣੇ ਬਕਾਏ ਦਾ ਭੁਗਤਾਨ ਕਰਨ ਲਈ ਤਿਆਰ ਹੈ। ਮਾਲਿਆ ਨੇ ਕਿਹਾ ਕਿ ਮੈਂ ਕਰਨਾਟਕ ਹਾਈਕੋਰਟ ਨੂੰ ਵੀ ਬਕਾਇਆ ਅਦਾ ਕਰਨ ਲਈ ਇਕ ਵਿਆਪਕ ਪੇਸ਼ਕਸ਼ ਕੀਤੀ ਹੈ। ਮਾਲਿਆ ਨੇ ਪੈਸਾ ਚੋਰੀ ਕਰਨ ਅਤੇ ਹਵਾਲਾ ਰਾਸ਼ੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ।