ਸ਼ਿਰਡੀ: ਗੁਰੂ ਪੂਰਨਿਮਾ ਮੌਕੇ ਸਾਈਂ ਬਾਬਾ ਮੰਦਰ ਵਿੱਚ ਤਿੰਨ ਦਿਨਾਂ ਤਕ ਚੱਲੇ ਸਮਾਗਮਾਂ ਦੌਰਾਨ 6.66 ਕਰੋੜ ਰੁਪਏ ਦਾ ਚੜ੍ਹਾਵਾ ਚੜ੍ਹਿਆ। ਸ੍ਰੀ ਸਾਈਂ ਬਾਬਾ ਸੰਸਥਾਨ ਟਰੱਸਟ ਦੀ ਮੁੱਖ ਕਾਰਜਕਾਰੀ ਰੂਬਲ ਅਗਰਵਾਲ ਨੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂਆਂ ਨੇ 26 ਤੋਂ 28 ਜੁਲਾਈ ਤਕ ਦਾਨ ਪਾਤਰਾਂ ਵਿੱਚ 3.83 ਕਰੋੜ ਰੁਪਏ ਦਾ ਨਕਦ ਦਾਨ ਦਿੱਤਾ।

ਅਗਰਵਾਲ ਨੇ ਦੱਸਿਆ ਕਿ ਇਸ ਦੇ ਇਲਾਵਾ ਦਾਨ ਕਾਊਂਟਰਾਂ ’ਤੇ 1.57 ਕਰੋੜ ਰੁਪਏ ਦਾ ਦਾਨ ਮਿਲਿਆ। ਇੱਕ ਕਰੋੜ ਰੁਪਏ ਦਾ ਦਾਨ ਆਨਲਾਈਨ, ਡੈਬਿਟ ਕਾਰਡ ਤੇ ਡਿਮਾਂਡ ਡਰਾਫਟਾਂ ਜ਼ਰੀਏ ਮਿਲਿਆ। ਉਨ੍ਹਾਂ ਦੱਸਿਆ ਕਿ ਅਮਰੀਕਾ, ਲੰਦਨ, ਮਲੇਸ਼ੀਆ, ਕੈਨੇਡਾ, ਨਿਊਜ਼ੀਲੈਂਡ ਤੇ ਖਾੜੀ ਦੇਸ਼ਾਂ ਵਰਗੀਆਂ ਥਾਵਾਂ ਤੋਂ ਸ਼ਰਧਾਲੂਆਂ ਨੇ 11.25 ਲੱਖ ਰੁਪਏ ਮੁੱਲ ਦੀ ਵਿਦੇਸ਼ੀ ਮੁਦਰਾ ਦਾਨ ਵਿੱਚ ਮਿਲੀ ਹੈ।

ਸਮਾਗਮਾਂ ਦੌਰਾਨ ਸ਼ਰਧਾਲੂਆਂ ਨੇ 13.53 ਲੱਖ ਰੁਪਏ ਮੁੱਲ ਦਾ ਸੋਨਾ-ਚਾਂਦੀ ਵੀ ਦਾਨ ਕੀਤਾ ਹੈ। ਦਾਨ ਦੇ ਇਲਾਵਾ ਮੰਦਰ ਟਰੱਸਟ ਨੂੰ 2.7 ਕਰੋੜ ਰੁਪਏ ਭੁਗਤਾਨ ਦੇ ਬਦਲੇ ਮਿਲਣ ਵਾਲੇ ਪਾਸ, ਲੱਡੂ ਤੇ ਸ਼ਰਧਾਲੂਆਂ ਨੂੰ ਪਰੋਸੇ ਲੰਗਰ ਤੋਂ ਵੀ ਮਿਲੇ।

ਅਗਰਵਾਲ ਨੇ ਦੱਸਿਆ ਕਿ ਮੰਦਰ ਦੇ ਖ਼ਜਾਨੇ ਵਿੱਚ 425 ਕਿੱਲੋ ਸੋਨਾ ਤੇ 4,800 ਕਿੱਲੋ ਚਾਂਦੀ ਮੌਜੂਦ ਹੈ। ਟਰੱਸਟ ਨੇ ਵੱਖ-ਵੱਖ ਕੌਮੀ ਬੈਂਕਾਂ ਵਿੱਚ 2,180 ਕਰੋੜ ਰੁਪਏ ਦੀਆਂ ਐੱਫਡੀਜ਼ ਵੀ ਕਰਾਈਆਂ ਹਨ। ਉਨ੍ਹਾਂ ਦੱਸਿਆ ਕਿ ਗੁਰੂ ਪੂਰਨਿਮਾ ਸਮਾਗਮਾਂ ਦੌਰਾਨ ਦੇਸ਼-ਵਿਦੇਸ਼ ਤੋਂ ਕਰੀਬ ਤਿੰਨ ਲੱਖ ਤੋਂ ਵੱਧ ਸ਼ਰਧਾਲੂ ਸਾਈਂ ਬਾਬਾ ਮੰਦਰ ਪੁੱਜੇ।