ਲੰਦਨ: ਬੈਂਕਾਂ ਨੂੰ ਕਰੋੜਾਂ ਦਾ ਚੂਨਾ ਲਾ ਕੇ ਭਾਰਤ ਤੋਂ ਫਰਾਰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਫਿਲਹਾਲ ਹਵਾਲਗੀ ਨਹੀਂ ਹੋਏਗੀ। ਲੰਦਨ ਦੀ ਅਦਾਲਤ ਨੇ ਅੱਜ ਮਾਲਿਆ ਦੀ ਜ਼ਮਾਨਤ 12 ਸਤੰਬਰ ਤਕ ਵਧਾ ਦਿੱਤੀ ਹੈ। ਸੁਣਵਾਈ ਵੇਲੇ ਸੀਬੀਆਈ ਤੇ ਈਡੀ ਦੀ ਟੀਮ ਲੰਦਨ ਵਿੱਚ ਮੌਜੂਦ ਸੀ।

ਫਿੰਗਫਿਸ਼ਰ ਏਅਰਲਾਈਨ ਦੇ ਸਾਬਕਾ ਮਾਲਕ ਨੇ ਧੋਖਾਧੜੀ ਤੇ ਤਕਰੀਬਨ 9 ਹਜ਼ਾਰ ਕਰੋੜ ਰੁਪਏ ਦੇ ਘਪਲੇ ਦੇ ਇਲਜ਼ਾਮਾਂ ਵਿੱਚ ਹਵਾਲਗੀ ਦੇ ਭਾਰਤ ਦੇ ਪ੍ਰਸਤਾਵ ਨੂੰ ਚੁਣੌਤੀ ਦਿੱਤੀ ਹੈ। ਉਹ ਪਿਛਲੇ ਸਾਲ ਅਪਰੈਲ ਵਿੱਚ ਗ੍ਰਿਫਤਾਰੀ ਦੇ ਬਾਅਦ ਜ਼ਮਾਨਤ ’ਤੇ ਰਿਹਾਅ ਹੈ। ਮਾਲਿਆ ਆਪਣੇ ਮੁੰਡੇ ਸਿਧਾਰਥ ਨਾਲ ਅਦਾਲਤ ਪੁੱਜਾ। ਸੁਣਵਾਈ ਤੋਂ ਪਹਿਲਾਂ ਉਸ ਨੇ ਕਿਹਾ ਕਿ ਆਖਰਕਾਰ ਅਦਾਲਤ ਫੈਸਲਾ ਕਰੇਗੀ।

27 ਅਪਰੈਲ ਨੂੰ ਪਿਛਲੀ ਸੁਣਵਾਈ ਦੌਰਾਨ ਜੱਜ ਆਰਬਥਨਾੱਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਭਾਰਤੀ ਅਧਿਕਾਰੀਆਂ ਵੱਲੋਂ ਸੌਂਪੇ ਸਬੂਤ ਸਵੀਕਾਰ ਕਰ ਲਏ ਜਾਣਗੇ। ਇਸ ਨਾਲ ਸੀਬੀਆਈ ਨੂੰ ਵੀ ਉਮੀਦ ਜਾਗੀ ਸੀ।

ਜ਼ਿਕਰਯੋਗ ਹੈ ਕਿ ਸੀਬੀਆਈ ਨੇ ਬ੍ਰਿਟੇਨ ਅਦਾਲਤ ਨੂੰ ਬਹੁਤ ਸਾਰੇ ਸਬੂਤ ਸੌਂਪੇ ਸੀ, ਜਿਨ੍ਹਾਂ ਵਿੱਚ ਆਈਡੀਬੀਆਈ ਬੈਂਕ ਦੇ ਸਾਬਕਾ ਪ੍ਰਬੰਧਕ ਨਿਰਦੇਸ਼ਕ ਬੀ ਕੇ ਬਤਰਾ ਖ਼ਿਲਾਫ਼ ਸਾਜ਼ਿਸ਼ ਦਾ ਮਾਮਲਾ ਵੀ ਸ਼ਾਮਲ ਹੈ।