ਇੰਦੌਰ: ਸੰਸਦ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਅੱਖ ਮਾਰਨ 'ਤੇ ਕਾਂਗਰਸ ਦੀ ਕੌਮੀ ਮੁੱਖ ਸਕੱਤਰ ਤੇ ਫ਼ਿਲਮ ਅਦਾਕਾਰਾ ਨਗ਼ਮਾ ਨੇ ਅੱਜ ਕਿਹਾ ਕਿ ਸਦਨ ਵਿੱਚ ਰਾਹੁਲ ਗਾਂਧੀ ਦੇ ਨੈਣਾਂ ਦੀ ਇਸ ਹਰਕਤ ਦੇ ਕਈ ਮਤਲਬ ਹੋ ਸਕਦੇ ਹਨ।
ਰਾਹੁਲ ਗਾਂਧੀ ਵੱਲੋਂ ਅੱਖ ਮਾਰਨ ਨੂੰ ਲੋਕ ਸਭਾ ਦੀ ਚੇਅਰਪਰਸਨ ਸੁਮਿੱਤਰਾ ਮਹਾਜਨ ਵਲੋਂ ਸਦਨ ਦੇ ਲਿਹਾਜ ਨਾਲ ਗ਼ੈਰ ਵਾਜਬ ਕਰਾਰ ਦਿੱਤੇ ਜਾਣ 'ਤੇ ਨਗ਼ਮਾ ਨੇ ਕਿਹਾ, "ਇਸ ਵਾਕਿਏ ਵਿੱਚ ਗ਼ਲਤ ਕੀ ਹੈ। ਕੀ ਉਨ੍ਹਾਂ (ਰਾਹੁਲ) ਨੇ ਕਿਸੇ ਨੂੰ ਗਾਲ਼ ਕੱਢੀ ਸੀ।" ਫ਼ਿਲਮ 'ਬਾਗ਼ੀ' (1990) ਤੋਂ ਬਾਲੀਵੁੱਡ ਵਿੱਚ ਪਹਿਲਾ ਕਦਮ ਰੱਖਣ ਵਾਲੀ ਅਦਾਕਾਰਾ ਨੇ ਕਿਹਾ ਕਿ ਅੱਖ ਤਾਂ ਕੋਈ ਵੀ ਮਾਰ ਸਕਦਾ ਹੈ। ਜੇਕਰਕ ਮੈਂ ਵੀ ਅੱਖ ਮਾਰ ਦਿਆਂ ਤਾਂ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਦੋ ਮਿੰਟ ਪਹਿਲਾਂ ਜੋ ਵੀ ਗੱਲਾਂ ਕਹੀਆਂ ਉਹ ਸਬ ਗ਼ਲਤ ਸੀ।
ਨਗ਼ਮਾ ਨੇ ਇੱਕ ਸਵਾਲ 'ਤੇ ਕਿਹਾ ਕਿ ਮਸ਼ਹੂਰ ਫ਼ਿਲਮ ਅਦਾਕਾਰਾ ਕੰਗਣਾ ਰਣੌਤ ਸਿਰਫ਼ ਸੁਰਖੀਆਂ ਵਿੱਚ ਰਹਿਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਾਰੀਫ਼ ਕਰ ਰਹੀ ਹੈ ਤੇ ਉਨ੍ਹਾਂ ਦੇਸ਼ ਦੀਆਂ ਔਰਤਾਂ ਵਿਰੁੱਧ ਵਧਦੇ ਅਪਰਾਧਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਖ਼ੁਦ ਨੂੰ ਪ੍ਰਸਿੱਧ ਬਣਾਉਣ ਲਈ ਉਹ ਰਿਤਿਕ ਰੌਸ਼ਨ ਤੇ ਕਰਨ ਜੌਹਰ ਬਾਰੇ ਬੁਰਾ ਬੋਲਦੀ ਹੈ ਤੇ ਹੁਣ ਪੀਐਮ ਬਾਰੇ ਚੰਗਾ ਬੋਲ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼ਿਵਸੇਨਾ ਵੱਲੋਂ ਸਾਥ ਛੱਡੇ ਜਾਣ 'ਤੇ ਬੀਜੇਪੀ ਮਹਾਰਾਸ਼ਟਰ ਵਿੱਚ ਇਕੱਲੀ ਪੈ ਗਈ ਹੈ ਤੇ ਇਸ ਲਈ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੂੰ ਮਰਾਠੀ ਲੋਕਾਂ ਦਾ ਵੋਟਾਂ ਹਾਸਲ ਕਰਨ ਲਈ ਲਤਾ ਮੰਗੇਸ਼ਕਰ ਤੇ ਮਾਧੁਰੀ ਦੀਕਸ਼ਿਤ ਵਰਗੀਆਂ ਫ਼ਿਲਮੀ ਹਸਤੀਆਂ ਨਾਲ ਮੁਲਾਕਾਤ ਕਰਨੀ ਪੈ ਰਹੀ ਹੈ।
ਬਿਹਾਰ ਦੇ ਮੁਜ਼ੱਫਰਪੁਰ ਦੇ ਬਾਲ ਗ੍ਰਹਿ ਵਿੱਚ 34 ਕੁੜੀਆਂ ਦੇ ਜਿਣਸੀ ਸੋਸ਼ਣ ਕਾਂਡ ਵਿੱਚ ਨਗ਼ਮਾ ਨੇ ਬਿਹਾਰ ਦੀ ਸਮਾਜਿਕ ਕਲਿਆਣ ਮੰਤਰੀ ਵਰਮਾ ਦੇ ਪਤੀ ਚੰਦੇਸ਼ਵਰ ਵਰਮਾ ਦੀ ਭੂਮਿਕਾ ਦਾ ਇਲਜ਼ਾਮ ਲਾਇਆ ਕਿ ਸੀਬੀਆਈ ਨੂੰ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ। ਨਗ਼ਮਾ ਨੇ ਦੇਸ਼ ਵਿੱਚ ਬਲਾਤਕਾਰ ਦੀਆਂ ਵਾਰਦਾਤਾਂ ਵਧਣ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੁੱਪੀ 'ਤੇ ਸਵਾਲ ਚੁੱਕੇ ਹਨ।