ਨਵੀਂ ਦਿੱਲੀ: ਪਾਕਿਸਤਾਨ ਦੇ ਸੰਭਾਵਿਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਮੋਦੀ ਨੇ ਚੋਣਾਂ ਵਿੱਚ ਮੋਹਰੀ ਆਉਣ 'ਤੇ ਵਧਾਈ ਦਿੱਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇੰਸਾਫ਼ ਪਾਰਟੀ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਨੂੰ ਫ਼ੋਨ ਕਰਕੇ ਉਨ੍ਹਾਂ ਨੂੰ ਨੈਸ਼ਨਲ ਅਸੈਂਬਲੀ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਨ ’ਤੇ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਮੋਦੀ ਨੇ ਇਮਰਾਨ ਨਾਲ ਗੱਲਬਾਤ ਕਰਦਿਆਂ ਆਸ ਜਤਾਈ ਕਿ ਪਾਕਿਸਤਾਨ ’ਚ ਜਮਹੂਰੀਅਤ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣਗੀਆਂ। ਉਨ੍ਹਾਂ ਗੁਆਂਢੀ ਮੁਲਕਾਂ ’ਚ ਅਮਨ-ਸ਼ਾਂਤੀ ਅਤੇ ਵਿਕਾਸ ਹੋਣ ਦੀ ਗੱਲ ਵੀ ਕਹੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਨੇ ਏਬੀਪੀ ਸਾਂਝਾ 'ਤੇ ਇਮਰਾਨ ਖ਼ਾਨ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ। ਇਮਰਾਨ ਖ਼ਾਨ ਨੇ ਵੀ ਆਪਣੀ ਪਾਰਟੀ ਕੋਲ ਬਹੁਮਤ ਹੋਣ ਦਾ ਦਾਅਵਾ ਕੀਤਾ ਹੈ। ਖ਼ਾਨ ਨੇ 116 ਸੀਟਾਂ ਜਿੱਤੀਆਂ ਸਨ ਤੇ ਸਰਕਾਰ ਬਣਾਉਣ ਲਈ 172 ਸੀਟਾਂ ਲੋੜੀਂਦੀਆਂ ਹਨ। ਇਮਰਾਨ ਦੀ ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਬਹੁਮਤ ਮੌਜੂਦ ਹੈ।