ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਦੇ ਪੱਤਰਕਾਰਾਂ ਨੂੰ ਦੇਸ਼ਧ੍ਰੋਹੀ ਦੱਸਦਿਆਂ ਉਨ੍ਹਾਂ 'ਤੇ ਖ਼ਬਰਾਂ ਜ਼ਰੀਏ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਪਾਉਣ ਦੇ ਦੋਸ਼ ਲਾਏ ਗਏ। ਦੂਜੇ ਪਾਸੇ ਸੰਪਾਦਕਾਂ ਨੇ ਵੀ ਟਰੰਪ ਦੇ ਪ੍ਰੈੱਸ ਵਿਰੋਧੀ ਬਿਆਨਾਂ ਨੂੰ ਖਤਰਨਾਕ ਕਰਾਰ ਦਿੱਤਾ।


ਟਰੰਪ ਦਾ ਅਮਰੀਕੀ ਮੀਡੀਆ 'ਤੇ ਵਾਰ


ਟਰੰਪ ਨੇ ਟਵੀਟ ਕਰਕੇ ਕਿਹਾ ਜਦੋਂ 'ਟਰੰਪ ਡਿਰੈਜਮੈਂਟ ਸਿੰਡ੍ਰੋਮ' ਤੋਂ ਪੀੜਤ ਮੀਡੀਆ ਸਾਡੀ ਸਰਕਾਰ ਦੀ ਗੁਪਤ ਗੱਲਬਾਤ ਦਾ ਖੁਲਾਸਾ ਕਰਦਾ ਹੈ ਤਾਂ ਅਸਲ 'ਚ ਉਹ ਨਾ ਸਿਰਫ ਪੱਤਰਕਾਰਾਂ ਸਗੋਂ ਕਈ ਲੋਕਾਂ ਦੀ ਜਾਨ ਖਤਰੇ 'ਚ ਪਾਉਂਦਾ ਹੈ।


ਉਨ੍ਹਾਂ ਮੀਡੀਆ 'ਤੇ ਗਲਤ ਖ਼ਬਰਾਂ ਛਾਪਣ ਦਾ ਦੋਸ਼ ਲਾਉਂਦਿਆਂ ਕਿਹਾ ਪ੍ਰੈੱਸ ਦੀ ਆਜ਼ਾਦੀ ਸਟੀਕ ਖ਼ਬਰਾਂ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਨਾਲ ਆਉਂਦੀ ਹੈ। ਉਨ੍ਹਾਂ ਕਿਹਾ ਮੇਰੇ ਪ੍ਰਸ਼ਾਸਨ ਦੀ 90 ਫੀਸਦੀ ਮੀਡੀਆ ਕਵਰੇਜ ਨਾਕਾਰਤਮਕ ਹੈ ਜਦਕਿ ਅਸੀਂ ਜ਼ਬਰਦਸਤ ਸਾਕਾਰਾਤਮਕ ਨਤੀਜੇ ਹਾਸਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਮੀਡੀਆ 'ਚ ਵਿਸ਼ਵਾਸ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ।


ਟਰੰਪ ਨੇ ਦੋਸ਼ ਲਾਇਆ ਕਿ ਅਸਫਲ ਨਿਊਯਾਰਕ ਟਾਈਮਜ਼ ਤੇ ਅਮੇਜ਼ਨ ਵਾਸ਼ਿੰਗਟਨ ਪੋਸਟ ਬੇਹੱਦ ਸਾਕਾਰਤਾਮਕ ਉਪਲਬਧੀਆਂ 'ਤੇ ਵੀ ਘਟੀਆ ਖ਼ਬਰਾਂ ਲਿਖਦੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਨਿਊਯਾਰਕ ਟਾਈਮਜ਼ 'ਚ ਛਪੀ ਏਜੀ ਸਲਜਬਰਜਰ ਨਾਲ ਵਾਈਟ ਹਾਊਸ 'ਚ ਬੇਹਦ ਦਿਲਚਸਪ ਮੁਲਾਕਾਤ ਕੀਤੀ।


ਮੀਡੀਆ ਦਾ ਟਰੰਪ ਨੂੰ ਪਲਟਵਾਰ


ਦੂਜੇ ਪਾਸੇ ਨਿਊਯਾਰਕ ਟਾਇਮਜ਼ ਦੇ ਪਬਲਿਸ਼ਰ ਨੇ ਕਿਹਾ ਕਿ ਉਨ੍ਹਾਂ ਵਾਈਟ ਹਾਊਸ 'ਚ ਮੁਲਾਕਾਤ ਦੌਰਾਨ ਟਰੰਪ ਨੂੰ ਅਗਾਹ ਕੀਤਾ ਸੀ ਕਿ ਨਿਊਜ਼ ਮੀਡੀਆ ਤੇ ਉਨ੍ਹਾਂ ਦੇ ਵਧਦੇ ਹਮਲੇ ਸਾਡੇ ਦੇਸ਼ ਲਈ ਖਤਰਨਾਕ ਹਨ ਤੇ ਇਸ ਨਾਲ ਹਿੰਸਾ ਵਧੇਗੀ। ਸਲਜਬਰਜਰ ਮੁਤਾਬਕ ਬੈਠਕ 'ਚ ਟਾਇਮਜ਼ ਦੇ ਐਡੀਟੋਰੀਅਲ ਪੇਜ ਦੇ ਸੰਪਾਦਕ ਜੇਮਸ ਬੈਨੇਟ ਵੀ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਵਾਈਟ ਹਾਊਸ ਦੇ ਸੱਦੇ 'ਤੇ ਇਹ ਗੁਪਤ ਬੈਠਕ ਸੀ ਪਰ ਟਰੰਪ ਨੇ ਇਸ ਬਾਰੇ ਟਵੀਟ ਕਰਕੇ ਜਨਤਕ ਕਰ ਦਿੱਤਾ।


ਸਲਜਬਰਜਰ ਨੇ ਕਿਹਾ ਮੁਲਾਕਾਤ ਕਰਨ ਦਾ ਮੇਰਾ ਮੁੱਖ ਉਦੇਸ਼ ਰਾਸ਼ਟਰਪਤੀ ਦੇ ਪ੍ਰੈਸ ਵਿਰੋਧੀ ਬਿਆਨਾਂ ਪ੍ਰਤੀ ਚਿੰਤਾ ਜਤਾਉਣਾ ਸੀ। ਉਨ੍ਹਾਂ ਟਰੰਪ ਨੂੰ ਕਿਹਾ ਕਿ ਉਨ੍ਹਾਂ ਦੀ ਭਾਸ਼ਾ ਨਾ ਕੇਵਲ ਵਿਤਕਰੇ ਭਰੀ ਸਗੋਂ ਖਤਰਨਾਕ ਵੀ ਹੈ।