ਨਵੀਂ ਦਿੱਲੀ: ਅਜੋਕੇ ਦੌਰ 'ਚ ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਲੋਕ ਕੁਝ ਵੀ ਅਪਲੋਡ ਕਰਨ ਦੇ ਨਾਲ-ਨਾਲ ਆਪਣੇ ਮਨ ਦੀ ਭੜਾਸ ਵੀ ਕੱਢ ਲੈਂਦੇ ਹਨ। ਕਈ ਵਾਰ ਲੋਕ ਆਪਣੇ ਪੋਸਟ ਕੀਤੇ ਵੀਡੀਓ ਜਾਂ ਲਿਖੇ ਟੈਕਸਟ ਦੀ ਵਜ੍ਹਾ ਨਾਲ ਝਮੇਲੇ 'ਚ ਫਸ ਜਾਂਦੇ ਹਨ।


ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਹੁਣ ਕਈ ਦੇਸ਼ਾਂ ਦੇ ਬਾਰਡਰ ਸਿਕਿਓਰਟੀ ਆਫੀਸ਼ੀਅਲਸ ਲੋਕਾਂ ਦੇ ਆਨਲਾਈਨ ਪ੍ਰਫਾਈਲ 'ਤੇ ਨਜ਼ਰ ਰੱਖ ਰਹੇ ਹਨ। ਇਸ ਦਾ ਮੰਤਵ ਸਿਰਫ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਨਫ਼ਰਤ ਭੜਕਾਊ ਭਾਸ਼ਨ ਨੂੰ ਬੜਾਵਾ ਨਾ ਮਿਲ ਸਕੇ ਤੇ ਨਾ ਹੀ ਕੋਈ ਵਿਅਕਤੀ ਅੱਤਵਾਦੀ ਸੰਗਠਨ ਨਾਲ ਜੁੜੇ।


ਅਮਰੀਕਾ 'ਚ ਸੋਸ਼ਲ ਮੀਡੀਆ ਸਬੰਧੀ ਸਖ਼ਤ ਕਾਨੂੰਨ


ਅਮਰੀਕਾ ਦੇ ਅਫਸਰਾਂ ਕੋਲ ਇਹ ਅਧਿਕਾਰ ਹੈ ਕਿ ਉਹ ਤੁਹਾਡਾ ਇਲੈਕਟ੍ਰਾਨਿਕ ਡਿਵਾਇਸ ਦੇਖ ਸਕਣ ਤੇ ਚੈੱਕ ਕਰ ਸਕਣ ਜਿਸ ਤਹਿਤ ਮੋਬਾਇਲ ਤੇ ਲੈਪਟਾਪ ਜਿਹੀਆਂ ਚੀਜ਼ਾਂ ਆਉਂਦੀਆਂ ਹਨ। ਗਲੋਬਲ ਲਾਅ ਫਰਮ ਬੇਰੀ ਐਪਲਮੈਨ ਐਂਡ ਲੀਡਨ (BAL) ਵੱਲੋਂ ਜਾਰੀ ਕੀਤੇ ਵਾਈਟ ਪੇਪਰ ਮੁਤਾਬਕ ਅਮਰੀਕਾ 'ਚ 2017 ਵਿੱਚ ਸੀਮਾ ਅਧਿਕਾਰੀਆਂ ਵੱਲੋਂ 30,200 ਇਲੈਕਟ੍ਰਾਨਿਕ ਡਿਵਾਇਸਜ਼ ਚੈੱਕ ਕੀਤੇ ਗਏ।


ਸਾਲ 2015 'ਚ ਇਹ ਅੰਕੜਾ 8500 ਸੀ ਜੋ ਦਿਨ-ਬ-ਦਿਨ ਵਧਦਾ ਗਿਆ। ਸਾਲ 2018 ਦੀ ਗੱਲ ਕਰੀਏ ਤਾਂ ਪਹਿਲੇ 6 ਮਹੀਨਿਆਂ 'ਚ ਕੁੱਲ 15,000 ਡਿਵਾਇਸ ਚੈੱਕ ਕੀਤੇ ਗਏ। ਹਾਲਾਂਕਿ ਇਸ 'ਚ ਇੱਕ ਗੱਲ ਦੇਖੀ ਗਈ ਕਿ ਜਿੰਨੇ ਵੀ ਲੋਕ ਅਮਰੀਕਾ 'ਚ ਗਏ ਜਾਂ ਉੱਥੋਂ ਬਾਹਰ ਆਏ ਬਾਰਡਰ 'ਤੇ ਉਨ੍ਹਾਂ ਦੇ ਮੋਬਾਈਲ ਚੈੱਕ ਕੀਤੇ ਗਏ।


ਬੀਏਐਲ ਕੰਪਨੀਆਂ ਨੂੰ ਨਿਰਦੇਸ਼ ਦਿੰਦਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਅਜਿਹੇ ਹਾਲਾਤ ਲਈ ਤਿਆਰ ਰਹਿਣ ਕਿਉਂਕਿ ਕਈ ਵਾਰ ਜਦੋਂ ਕਿਸੇ ਦਾ ਸਮਾਰਟਫੋਨ ਚੈੱਕ ਕੀਤਾ ਜਾਂਦਾ ਹੈ ਤਾਂ ਸਾਹਮਣੇ ਵਾਲਾ ਇਨਸਾਨ ਹਮਲਾ ਕਰ ਦਿੰਦਾ ਹੈ। ਅਮਰੀਕਾ ਦੇ ਨਿਯਮ ਮੁਤਾਬਕ ਬਿਨਾਂ ਵਾਰੰਟ ਵਾਲੇ ਅਧਿਕਾਰੀਆਂ ਨੂੰ ਸਿਰਫ ਫੋਨ 'ਚ ਮੌਜੂਦ ਡਾਟਾ ਚੈੱਕ ਕਰਨ ਦਾ ਹੀ ਅਧਿਕਾਰ ਹੈ। ਬਾਰਡਰ ਦੇ ਅਧਿਕਾਰੀ ਕਲਾਊਡ ਜਾਂ ਕਿਸੇ ਹੋਰ ਚੀਜ਼ ਨੂੰ ਚੈੱਕ ਨਹੀਂ ਕਰ ਸਕਦੇ। ਹਾਲਾਂਕਿ ਯਾਤਰੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਜਦੋਂ ਵੀ ਸਫਰ ਕਰ ਰਹੇ ਹੋਣ ਉੱਥੇ ਘੱਟ ਡਿਵਾਇਸ ਲੈ ਕੇ ਜਾਣ।


ਸੋਸ਼ਲ ਮੀਡੀਆ ਕਾਰਨ ਹੋ ਸਕਦਾ ਵੀਜ਼ਾ ਰਿਜੈਕਟ


ਬੀਏਐਲ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਐਪਲੀਕੇਸ਼ਨ ਚੈੱਕ ਕਰਦੇ ਸਮੇਂ ਐਪਲੀਕੈਂਟ ਦੇ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਪਾਈ ਜਾਂਦੀ ਹੈ। ਜੇਕਰ ਅਕਾਊਂਟ ਐਪਲੀਕੇਸ਼ਨ 'ਚ ਦਿੱਤੇ ਗਏ ਪਤੀ-ਪਤਨੀ ਦੇ ਫੋਟੋ ਤੋਂ ਇਲਾਵਾ ਕਿਸੇ ਹੋਰ ਦੀ ਫੋਟੋ ਜ਼ਿਆਦਾ ਦਿਖੀ ਤਾਂ ਵੀਜ਼ਾ ਅਪਲਾਈ ਕਰਨ ਵਾਲੇ ਨੂੰ ਵੀਜ਼ਾ ਅਫਸਰ ਸਵਾਲ-ਜੁਆਬ ਕਰਨ ਲਈ ਬੁਲਾ ਸਕਦਾ ਹੈ।


ਜੇਕਰ ਕੋਈ ਵਰਕ ਪਰਮਿਟ ਜਾਂ ਰੈਜ਼ੀਡੈਂਸੀ ਲਈ ਵੀਜ਼ਾ ਅਪਲਾਈ ਕਰਦਾ ਹੈ ਤਾਂ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਦੇਖ ਕੇ ਉਸ ਦੀ ਐਪਲੀਕੇਸ਼ਨ ਰੱਦ ਕੀਤੀ ਜਾ ਸਕਦੀ ਹੈ। ਇੱਥੋਂ ਤੱਕ ਕਿ ਜੇ ਕੋਈ ਵਿਅਕਤੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਤਰਾਜ਼ਯੋਗ ਕਮੈਂਟ ਜਾਂ ਪੋਸਟ ਕਰਦਾ ਹੈ ਤਾਂ ਉਸ ਦੇ ਅਕਾਊਂਟ ਨੂੰ ਦੇਖ ਕੇ ਉਸ ਦਾ ਵੀਜ਼ਾ ਰੱਦ ਹੋ ਸਕਦਾ ਹੈ।