ਨਵੀਂ ਦਿੱਲੀ: ਹੁਣ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਹੋਏਗੀ। ਲੋਕ ਸਭਾ ’ਚ ਸੋਮਵਾਰ ਨੂੰ ਇਸ ਸਬੰਧੀ ਅਹਿਮ ਬਿੱਲ ਪਾਸ ਹੋ ਗਿਆ ਹੈ। ਇਹ ਬਿੱਲ ਕ੍ਰਿਮੀਨਲ ਲਾਅ (ਸੋਧ) ਆਰਡੀਨੈਂਸ ਦੀ ਥਾਂ ਲਏਗਾ। ਬਿੱਲ ਮੁਤਾਬਕ ਜੇਕਰ 16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ ਹੁੰਦਾ ਹੈ ਤਾਂ ਹੁਣ ਘੱਟੋ ਘੱਟ ਸਜ਼ਾ 20 ਸਾਲ ਹੋਵੇਗੀ ਤੇ ਉਮਰ ਭਰ ਲਈ ਜੇਲ੍ਹ ’ਚ ਵੀ ਡੱਕਿਆ ਜਾ ਸਕਦਾ ਹੈ।


 

ਇਸ ਬਿੱਲ ਨੂੰ ਕਠੂਆ ’ਚ ਬੱਚੀ ਨਾਲ ਬਲਾਤਕਾਰ ਮਗਰੋਂ ਹੱਤਿਆ ਕਰਨ ਤੇ ਉਨਾਓ (ਉੱਤਰ ਪ੍ਰਦੇਸ਼) ’ਚ ਇੱਕ ਹੋਰ ਮਹਿਲਾ ਨਾਲ ਬਲਾਤਕਾਰ ਮਗਰੋਂ ਦੇਸ਼ ਭਰ ’ਚ ਫੈਲੇ ਗੁੱਸੇ ਕਾਰਨ ਲਿਆਂਦਾ ਗਿਆ ਸੀ। ਉਂਜ ਬਿੱਲ ਜ਼ਬਾਨੀ ਵੋਟ ਨਾਲ ਪਾਸ ਹੋ ਗਿਆ ਹੈ ਤੇ ਜ਼ਿਆਦਾਤਰ ਮੈਂਬਰਾਂ ਨੇ ਇਸ ਦੀ ਹਮਾਇਤ ਵੀ ਕੀਤੀ ਪਰ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਸਰਕਾਰ ਵੱਲੋਂ ਆਰਡੀਨੈਂਸ ਰਾਹੀਂ ਬਿੱਲ ਲਿਆਉਣ ਦਾ ਵਿਰੋਧ ਕੀਤਾ। ਵਿਰੋਧੀ ਮੈਂਬਰਾਂ ਵੱਲੋਂ ਪੇਸ਼ ਕੀਤੀਆਂ ਗਈਆਂ ਸੋਧਾਂ ਨੂੰ ਵੀ ਨਕਾਰ ਦਿੱਤਾ ਗਿਆ।

ਕਰੀਬ ਦੋ ਘੰਟੇ ਤਕ ਚੱਲੀ ਬਹਿਸ ਦੇ ਜਵਾਬ ਦੌਰਾਨ ਗ੍ਰਹਿ ਰਾਜ ਮੰਤਰੀ ਕੀਰੇਨ ਰੀਜਿਜੂ ਨੇ ਕਿਹਾ ਕਿ ਸਖ਼ਤ ਕਾਨੂੰਨ ਬੱਚੀਆਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਮੰਤਵ ਨਾਲ ਲਿਆਂਦਾ ਗਿਆ ਹੈ। ਬਹਿਸ ਦੌਰਾਨ ਡਿਪਟੀ ਸਪੀਕਰ ਐਮ ਥੰਬੀ ਦੁਰਈ ਨੇ ਸੁਝਾਅ ਦਿੱਤਾ ਕਿ ਬਿੱਲ ਦੀਆਂ ਧਾਰਾਵਾਂ ਦਾ ਵਧ ਤੋਂ ਵਧ ਪ੍ਰਚਾਰ ਕੀਤਾ ਜਾਵੇ।