ਪੰਚਕੂਲਾ: ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਦੇ ਬਲਾਤਕਾਰ ਮਾਮਲੇ 'ਚ ਫਾਂਸੀ ਸੁਣਾਏ ਜਾਣ ਤੋਂ ਬਾਅਦ ਹੋਈ ਹਿੰਸਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਛੇ ਹੋਰ ਡੇਰਾ ਸਮਰਥਕਾਂ ਨੂੰ ਅੱਜ ਪੰਚਕੂਲਾ ਅਦਾਲਤ ਨੇ ਬਰੀ ਕਰ ਦਿੱਤਾ।
ਅਦਾਲਤ ਨੇ ਕੈਥਲ ਵਾਸੀ ਹੁਸ਼ਿਆਰ ਸਿੰਘ, ਸੰਗਰੂਰ ਦੇ ਸੰਘਾ ਸਿੰਘ, ਗਿਆਨੀ ਰਾਮ ਤੇ ਤਰਸੇਮ, ਮੁਕਤਸਰ ਸਾਹਿਬ ਤੋਂ ਰਵੀ ਕੁਮਾਰ ਤੇ ਕਰਨਾਲ ਦੇ ਰਾਮ ਕਿਸ਼ਨ ਨੂੰ 4 ਸੈਕਟਰ ਨੇੜੇ ਹਾਫਡ ਚੌਕ 'ਚ ਹਰਿਆਣੇ ਦੀ ਕੰਜ਼ਿਊਮਰ ਡਿਸਪਿਊਟਸ ਰੈਡਰੈਸਲ ਕਮਿਸ਼ਨ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ।
ਇਹ ਸਾਰੇ ਇੰਡੀਅਨ ਪੈਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੰਗੇ ਭੜਕਾਉਣ ਤੇ ਜਨਤਕ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ। ਇਸ ਤੋਂ ਪਹਿਲਾਂ ਇੱਕ ਮਈ, 2018 ਨੂੰ ਅਦਾਲਤ ਨੇ ਇੱਕ ਹੋਰ ਕੇਸ 'ਚ 6 ਡੇਰਾ ਸਮਰਥਕਾਂ ਨੂੰ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ 19 ਜੁਲਾਈ ਨੂੰ 19 ਡੇਰਾ ਸਮਰਥਕਾਂ ਤੋਂ ਦੇਸ਼ਧ੍ਰੋਹ ਦਾ ਮੁਕੱਦਮਾ ਰੱਦ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ 20 ਅਗਸਤ, 2017 ਨੂੰ ਡੇਰਾ ਪ੍ਰਮੁੱਖ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਡੇਰਾ ਸਮਰਥਕਾਂ ਨੇ ਪੰਜਾਬ ਤੇ ਹਰਿਆਣਾ 'ਚ ਵੱਖ-ਵੱਖ ਥਾਈਂ ਹਿੰਸਕ ਗਤੀਵਿਧੀਆਂ ਨੂੰ ਅੰਜ਼ਾਮ ਦਿੱਤਾ ਸੀ ਜਿਸ ਵਿੱਚ ਨਾ ਸਿਰਫ 40 ਲੋਕਾਂ ਦੀ ਮੌਤ ਹੋ ਗਈ ਸੀ ਸਗੋਂ ਵੱਡੀ ਤਦਾਦ 'ਚ ਡੇਰਾ ਸਮਰਥਕ ਜ਼ਖਮੀ ਵੀ ਹੋਏ ਸਨ।
ਇਸ ਤੋਂ ਇਲਾਵਾ ਜਨਤਕ ਸੰਪੱਤੀ ਨੂੰ ਵੱਡੀ ਪੱਧਰ 'ਤੇ ਨੁਕਸਾਨ ਪਹੁੰਚਾਇਆ ਗਿਆ ਸੀ। ਉਸ ਵੇਲੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 'ਤੇ ਹਾਲਾਤਾਂ ਨਾਲ ਸਹੀ ਤਰ੍ਹਾਂ ਨਾ ਨਜਿੱਠਣ ਨੂੰ ਲੈ ਕੇ ਸਵਾਲ ਵੀ ਉਠਾਏ ਸਨ।