ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੈਂਸ ਭਰਾਵਾਂ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਬੈਂਸ ਭਰਾਵਾਂ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ। ਕੇਜਰੀਵਾਲ ਨੇ 'ਏਬੀਪੀ ਸਾਂਝਾ' ਦੇ ਉਸ ਟਵੀਟ ਨੂੰ ਰੀਟਵੀਟ ਕੀਤਾ ਜਿਸ ਵਿੱਚ ਬੈਂਸ ਨੇ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਪਾਰਟੀ ਦਾ 'ਪੱਪੂ' ਦੱਸਿਆ ਸੀ।

ਕੇਜਰੀਵਾਲ ਨੇ 'ਏਬੀਪੀ ਸਾਂਝਾ' ਦੇ ਟਵੀਟ ਨੂੰ ਰੀਟਵੀਟ ਕਰਦਿਆਂ ਕਿਹਾ ਕਿ ਬੈਂਸ ਭਰਾਵਾਂ ਦੀ ਦਲਿਤ ਸਮਾਜ ਪ੍ਰਤੀ ਅਜਿਹੀ ਸੋਚ ਸ਼ਰਮਨਾਕ ਹੈ। ਕੇਜਰੀਵਾਲ ਨੇ ਬੈਂਸਾਂ ਨੂੰ ਅਕਾਲੀ-ਭਾਜਪਾ ਤੇ ਕਾਂਗਰਸ ਨਾਲ ਮੇਲਦਿਆਂ ਕਿਹਾ ਕਿ ਇਨ੍ਹਾਂ ਦੀ ਪੂਰੇ ਦਲਿਤ ਸਮਾਜ ਪ੍ਰਤੀ ਅਜਿਹੀ ਗੰਦੀ ਸੋਚ ਹੈ ਤੇ ਇਹ ਲੋਕ ਦਲਿਤਾਂ 'ਤੇ ਹਮੇਸ਼ਾ ਜ਼ੁਲਮ ਕਰਦੇ ਆ ਰਹੇ ਹਨ।


ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਸੋਚ ਵਿਰੁੱਧ ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਦਾ ਅਹੁਦਾ ਦਲਿਤ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੈਂਸ ਭਰਾ ਆਪਣੇ ਇਸ ਬਿਆਨ 'ਤੇ ਪੂਰੇ ਦਲਿਤ ਸਮਾਜ ਤੋਂ ਮੁਆਫ਼ੀ ਮੰਗਣ। ਦਰਅਸਲ, ਬੀਤੀ 28 ਜੁਲਾਈ ਨੂੰ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਆਮ ਆਦਮੀ ਪਾਰਟੀ ਹਾਈਕਮਾਨ ਵੱਲੋਂ ਨਵੇਂ ਲਾਏ ਵਿਰੋਧੀ ਧਿਰ ਦੇ ਨੇਤਾ ਨੂੰ ਪੱਪੂ ਕਰਾਰ ਦਿੱਤਾ ਸੀ।


ਬੈਂਸ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ 'ਆਪ' ਹਾਈਕਮਾਨ ਨੂੰ ਪੱਪੂਆਂ ਦੀ ਲੋੜ ਹੈ, ਜੋ ਚੁੱਪ-ਚਾਪ ਉਨ੍ਹਾਂ ਦੇ ਹੁਕਮ ਮੰਨਦੇ ਰਹਿਣ। ਬੈਂਸ ਦਾ ਇਹ ਬਿਆਨ 'ਆਪ' ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਉਨ੍ਹਾਂ ਦੀ ਪਾਰਟੀ ਵਿੱਚ ਫਿੱਕ ਪੈਣ 'ਤੇ ਸੁਖਪਾਲ ਖਹਿਰਾ ਤੋਂ ਐਲਓਪੀ ਦਾ ਅਹੁਦਾ ਖੁੱਸਣ ਪਿੱਛੇ ਲੋਕ ਇਨਸਾਫ ਪਾਰਟੀ ਦੇ ਮੁਖੀ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਦਿੱਤਾ ਸੀ। ਬੈਂਸ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਦੀ ਦੋਸਤੀ ਕਾਰਨ ਖਹਿਰਾ ਤੋਂ ਅਹੁਦਾ ਖੁੱਸਿਆ ਹੈ।