ਪਾਣੀਪਤ: ਪਹਾੜੀ ਇਲਾਕਿਆਂ 'ਚ ਹੋ ਰਹੀ ਲਗਾਤਾਰ ਤੇਜ਼ ਬਾਰਸ਼ ਦੇ ਚੱਲਦਿਆਂ ਹਥਿਨੀਕੁੰਡ ਬੈਰਾਜ ਤੋਂ ਯਮੁਨਾ ਨਦੀ 'ਚ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦਾ ਸਿੱਧਾ ਅਸਰ ਯਮੁਨਾ ਨੇੜੇ ਵੱਸੇ ਪਿੰਡਾਂ ਤੇ ਕਿਸਾਨਾਂ 'ਤੇ ਪੈ ਰਿਹਾ ਹੈ। ਯਮੁਨਾ ਦਾ ਪਾਣੀ ਜੇਕਰ ਕਾਬੂ ਤੋਂ ਬਾਹਰ ਹੁੰਦਾ ਹੈ ਤਾਂ ਇਹ ਦਿੱਲੀ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਦਿੱਲੀ ਤੋਂ ਬਾਅਦ ਪਾਣੀਪਤ 'ਚ ਵੀ ਯਮੁਨਾ ਦੇ ਪਾਣੀ ਦਾ ਉਛਾਲ ਦੇਖਦਿਆਂ ਪ੍ਰਸ਼ਾਸਨ ਨੇ 14 ਪਿੰਡਾਂ 'ਚ ਅਲਰਟ ਜਾਰੀ ਕਰ ਦਿੱਤਾ ਹੈ।
ਦਰਅਸਲ ਹਥਿਨੀਕੁੰਡ ਬੈਰਾਜ ਤੋਂ ਪਿਛਲੇ ਦੋ ਦਿਨਾਂ 'ਚ ਕਈ ਲੱਖ ਕਿਊਸਿਕ ਪਾਣੀ ਯਮੁਨਾ 'ਚ ਛੱਡਿਆ ਗਿਆ ਹੈ। ਪਾਣੀਪਤ 'ਚ ਹੁਣ ਤੱਕ ਸੈਂਕੜੇ ਏਕੜ ਫਸਲਾਂ ਯਮੁਨਾ ਦੇ ਪਾਣੀ ਦੀ ਲਪੇਟ 'ਚ ਆ ਚੁੱਕੀਆਂ ਹਨ ਤੇ ਪਾਣੀ ਦਾ ਵਹਾਅ ਲਗਾਤਾਰ ਵਧ ਰਿਹਾ ਹੈ।
ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਅੱਜ ਸ਼ਾਮ ਪਾਣੀਪਤ 'ਚ ਯਮੁਨਾ ਦੇ ਪਾਣੀ ਦਾ ਪੱਧਰ ਹੋਰ ਵਧਣ ਦਾ ਖਤਰਾ ਹੈ ਜਿਸ ਤੋਂ ਨਿਪਟਣ ਲਈ ਪ੍ਰਸ਼ਾਸਨ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ।
ਯਮੁਨਾ ਦਾ ਪਾਣੀ ਦਿੱਲੀ ਤੇ ਪਾਣੀਪਤ ਦੇ ਨਾਲ-ਨਾਲ ਹਰਿਆਣਾ ਦੇ ਵੀ ਕਈ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰੇਗਾ। ਜੇਕਰ ਹਥਿਨੀਕੁੰਡ ਬੈਰਾਜ ਤੋਂ ਫਿਰ ਪਾਣੀ ਛੱਡਿਆ ਜਾਂਦਾ ਹੈ ਤਾਂ ਯਮੁਨਾ ਇਲਾਕੇ 'ਚ ਰਹਿਣ ਵਾਲੇ ਲੋਕਾਂ ਦਾ ਜੀਣਾ ਮੁਹਾਲ ਹੋ ਜਾਏਗਾ।