ਨਵੀਂ ਦਿੱਲੀ: ਜੀਵਨ ਬੀਮਾ ਕਰਵਾਉਣ ਵਾਲੇ ਲੋਕ ਬੀਮਾ ਕੰਪਨੀਆਂ ਤੋਂ ਆਪਣੇ 15 ਹਜ਼ਾਰ ਕਰੋੜ ਰੁਪਏ ਲੈਣ ਨਹੀਂ ਆ ਰਹੇ ਹਨ। 23 ਬੀਮਾ ਕੰਪਨੀਆਂ ਵੱਲ ਧਾਰਕਾਂ ਦੇ ਕੁੱਲ 15,167 ਰੁਪਏ ਅਜਿਹੇ ਪਏ ਹਨ, ਜਿਨ੍ਹਾਂ ਦਾ ਕੋਈ ਦਾਅਵੇਦਾਰ ਨਹੀਂ ਮਿਲਿਆ।


ਭਾਰਤ ਦੀ ਇੰਸ਼ੌਰੈਂਸ ਰੈਗੂਲੇਟਰੀ ਤੇ ਵਿਕਾਸ ਅਥਾਰਟੀ (IRDAI) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਰਕਾਰੀ ਬੀਮਾ ਕੰਪਨੀ ਜੀਵਨ ਬੀਮਾ ਨਿਗਮ (LIC) ਕੋਲ 10,509 ਕਰੋੜ ਰੁਪਏ ਅਜਿਹੇ ਪਏ ਹਨ ਜਿਨ੍ਹਾਂ 'ਤੇ ਕਿਸੇ ਨੇ ਦਾਅਵੇਦਾਰੀ ਨਹੀਂ ਜਤਾਈ ਹੈ। ਜਦਕਿ, 22 ਪ੍ਰਾਈਵੇਟ ਬੀਮਾ ਕੰਪਨੀਆਂ ਕੋਲ ਬਾਕੀ ਦੇ 4,657 ਕਰੋੜ ਰੁਪਏ ਹਨ।

ਨਿਜੀ ਬੀਮਾ ਕੰਪਨੀਆਂ ਵਿੱਚੋਂ ਆਈਸੀਆਈਸੀਆਈ ਪਰੂਡੈਂਸ਼ੀਅਲ ਲਾਈਫ਼ ਇੰਸ਼ੌਰੈਂਸ ਕੋਲ 807.4 ਕਰੋੜ ਰੁਪਏ, ਰਿਲਾਇੰਸ ਨਿੱਪੋਨ ਲਾਈਫ਼ ਇੰਸ਼ੋਰੈਂਸ ਕੋਲ 696.12 ਕਰੋੜ ਤੇ ਐਸਬੀਆਈ ਲਾਈਫ਼ ਇੰਸ਼ੋਰੈਂਸ ਕੋਲ 678.59 ਕਰੋੜ ਰੁਪਏ ਪਏ ਹਨ, ਜਿਨ੍ਹਾਂ 'ਤੇ ਕਿਸੇ ਨੇ ਦਾਅਵਾ ਨਹੀਂ ਕੀਤਾ ਹੈ।

IRDAI ਨੇ ਬੀਮਾ ਕੰਪਨੀਆਂ ਨੂੰ ਆਪੋ-ਆਪਣੀਆਂ ਵੈਬਸਾਈਟਾਂ 'ਤੇ ਜਾਣਕਾਰੀ ਦੀ ਸੁਵਿਧਾ ਦੇਣ ਲਈ ਕਿਹਾ ਹੈ ਜਿਸ ਨਾਲ ਬੀਮਾ ਧਾਰਕ ਜਾਂ ਉਨ੍ਹਾਂ ਦੇ ਵਾਰਸ ਦਾਅਵੇ ਦੀ ਰਕਮ ਬਾਰੇ ਸੂਚਨਾ ਪ੍ਰਾਪਤ ਕਰ ਸਕਣ।