ਸੈਨ ਫਰਾਂਸਿਸਕੋ: ਫੇਸਬੁੱਕ ਦਾ ਕਹਿਣਾ ਹੈ ਕਿ ਉਹ 7,500 ਤੋਂ ਵੱਧ ਕੰਟੈਂਟ ਸਮੀਖਿਅਕ ਤਿਆਰ ਕਰ ਰਹੀ ਹੈ ਜੋ ਫਿਰਕਾਪ੍ਰਸਤ, ਅੱਤਵਾਦ ਤੇ ਬੱਚਿਆ ਦਾ ਜਿਣਸੀ ਸੋਸ਼ਣ ਨਾਲ ਜੁੜੀ ਸਮੱਗਰੀ ਸਮੀਖਿਆ ਕਰਨਗੇ।

ਸਮੱਗਰੀ ਸਮੀਖਿਅਕ ਪੱਕੇ ਤੇ ਠੇਕੇ ’ਤੇ, ਦੋਵਾਂ ਤਰ੍ਹਾਂ ਨਾਲ ਰੱਖੇ ਜਾਣਗੇ। ਇਨ੍ਹਾਂ ਵਿੱਚੋਂ ਕੁਝ ਫੇਸਬੁੱਕ ਦੀਆਂ ਭਾਈਵਾਲ ਕੰਪਨੀਆਂ ਦੇ ਮੁਲਾਜ਼ਮ ਵੀ ਸ਼ਾਲਮ ਹੋਣਗੇ, ਜੋ ਦੁਨੀਆ ਦੇ ਸਾਰੇ ਟਾਈਮ ਜ਼ੋਨਾਂ ਵਿੱਚ 50 ਭਾਸ਼ਾਵਾਂ ਵਿੱਚ ਕੰਮ ਕਰਨਗੇ।

ਫੇਸਬੁੱਕ ਦੇ ਵਾਈਸ ਪ੍ਰੈਜ਼ੀਡੈਂਟ ਐਲਨ ਸਿਲਵਰ ਨੇ ਇਕ ਬਲਾਗ ਪੋਸਟ 'ਚ ਕਿਹਾ ਕਿ ਅਜਿਹੇ ਵੱਡੇ ਪੱਧਰ' ਤੇ ਸਮੱਗਰੀ ਦੀ ਪਹਿਲਾਂ ਕਦੇ ਸਮੀਖਿਆ ਨਹੀਂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕੋਈ ਪਲੇਟਫਾਰਮ ਵੀ ਨਹੀਂ ਸੀ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਬਹੁਤ ਸਾਰੇ ਲੋਕ ਵੱਖ-ਵੱਖ ਭਾਸ਼ਾਵਾਂ ਵਿੱਚ ਆਪਸ ਵਿੱਚ ਗੱਲਬਾਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਚੁਣੌਤੀ ਦੀ ਵਿਸ਼ਾਲਤਾ ਤੇ ਜ਼ਿੰਮੇਵਾਰੀ ਨੂੰ ਸਮਝਦੇ ਹਾਂ।

ਸਿਲਵਰ ਨੇ ਅੱਗੇ ਕਿਹਾ ਕਿ ਭਾਸ਼ਾ ਦੀ ਪ੍ਰਵੀਨਤਾ ਮਹੱਤਵਪੂਰਨ ਹੈ ਅਤੇ ਇਹ ਸਾਨੂੰ ਚੌਵੀ ਘੰਟੇ ਤਕ ਸਮਗਰੀ ਦੀ ਸਮੀਖਿਆ ਕਰਨ ਦੇ ਯੋਗ ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ਜੇ ਕੋਈ ਉਨ੍ਹਾਂ ਨੂੰ ਕਿਸੇ ਭਾਸ਼ਾ ਦੀ ਸਮਗਰੀ ਬਾਰੇ ਜਾਣਕਾਰੀ ਦਿੰਦਾ ਹੈ, ਜਿਸ ਦੀ ਉਹ 24 ਘੰਟੇ ਨਿਗਰਾਨੀ ਨਹੀਂ ਕਰ ਰਹੇ, ਤਾਂ ਉਹ ਅਨੁਵਾਦ ਕੰਪਨੀਆਂ ਤੇ ਹੋਰ ਮਾਹਰਾਂ ਦੀਆਂ ਸੇਵਾਵਾਂ ਲੈਂਦੇ ਹਨ ਤਾਂ ਜੋ ਉਹ ਸਮੀਖਿਆ ਕਰਨ ਵਿੱਚ ਸਲਾਹ ਦੇ ਸਕਣ।