ਨਵੀਂ ਦਿੱਲੀ: ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਭੱਜਣ ਵਾਲੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਆਪਣੇ ਉੱਤੇ ਕੀਤੀ ਗਈ ਕਾਰਵਾਈ ਸਬੰਧੀ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਮਾਲਿਆ ਨੇ ਕਿਹਾ ਕਿ ਪੀਐਮ ਮੋਦੀ ਨੇ ਖ਼ੁਦ ਕਿਹਾ ਕਿ ਸਰਕਾਰ ਨੇ 9 ਹਜ਼ਾਰ ਰੁਪਏ ਦੇ ਕਰਜ਼ ਬਦਲੇ ਮੇਰੀ 14 ਹਜ਼ਾਰ ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ। ਸਰਕਾਰ ਮੇਰੇ ਬੈਂਕਾਂ ਦੇ ਕਰਜ਼ ਤੋਂ ਵੱਧ ਦੀ ਵਸੂਲੀ ਕਰ ਚੁੱਕੀ ਹੈ ਤਾਂ ਬੀਜੇਪੀ ਦੇ ਬੁਲਾਰੇ ਵਾਰ-ਵਾਰ ਮੇਰੇ 'ਤੇ ਇਲਜ਼ਾਮ ਕਿਉਂ ਲਾ ਰਹੇ ਹਨ।
ਵਿਜੈ ਮਾਲਿਆ ਨੇ ਟਵੀਟ ਕੀਤਾ ਕਿ ਭਾਰਤ ਨੇ ਉਸ ਦੀ ਸ਼ਖ਼ਸੀਅਤ ਪੋਸਟਰ ਬੁਆਏ ਵਰਗੀ ਬਣਾ ਦਿੱਤੀ ਹੈ। ਪੀਐਮ ਮੋਦੀ ਖ਼ੁਦ ਇਸ ਗੱਲ ਦੀ ਪੁਸ਼ਟੀ ਕਰ ਚੁੱਕੇ ਹਨ ਕਿ ਜਿੰਨਾ ਪੈਸਾ ਬੈਂਕਾਂ ਤੋਂ ਲਿਆ ਸੀ, ਸਰਕਾਰ ਉਸ ਤੋਂ ਜ਼ਿਆਦਾ ਵਸੂਲ ਕਰ ਚੁੱਕੀ ਹੈ। ਮਾਲਿਆ ਨੇ ਇਹ ਵੀ ਦੱਸਿਆ ਕਿ ਉਹ 1992 ਤੋਂ ਯੂਕੇ ਵਿੱਚ ਰਹਿ ਰਿਹਾ ਹੈ।
ਇਸ ਤੋਂ ਪਹਿਲਾਂ 27 ਮਾਰਚ ਨੂੰ ਈਡੀ ਨੇ ਮਾਲਿਆ ਦੀ ਯੂਨਾਈਟਿਡ ਬਰੂਅਰੀਜ਼ ਲਿਮਟਿਡ (UBHL) ਦੇ ਸ਼ੇਅਰਜ਼ ਜ਼ਬਤ ਕਰਕੇ ਵੇਚ ਦਿੱਤੇ ਸੀ। ਮਾਲਿਆ ਨੇ ਕਰੀਬ 74 ਲੱਖ ਸ਼ੇਅਰਜ਼ ਦੀ ਵਿਕਰੀ ਕਰਕੇ ਬੰਗਲੁਰੂ ਦੇ ਡੇਟ ਰਿਕਵਰੀ ਟ੍ਰਿਬਿਊਨਲ ਨੇ ਕਰੀਬ 1,008 ਕਰੋੜ ਰੁਪਏ ਵਸੂਲ ਕੀਤੇ।
ਦੱਸ ਦੇਈਏ ਕਿ ਵਿਜੈ ਮਾਲਿਆ ਹੁਣ ਲੰਡਨ ਵਿੱਚ ਹੈ ਤੇ ਉਸ ਨੂੰ ਭਾਰਤ ਲਿਆਉਣ ਲਈ ਸਪੁਰਦਗੀ ਦੀ ਕਾਰਵਾਈ ਚੱਲ ਰਹੀ ਹੈ। ਈਡੀ ਤੇ ਸੀਬੀਆਈ ਦੋਵੇਂ ਮਾਲਿਆ ਖਿਲਾਫ 9000 ਕਰੋੜ ਰੁਪਏ ਦੇ ਬੈਂਕ ਲੋਨ ਡਿਫਾਲਟ ਵਿੱਚ ਅਪਰਾਧਿਕ ਮਾਮਲਿਆਂ ਦੀ ਜਾਂਚ ਕਰ ਰਹੇ ਹਨ।