ਹਾਲ ਹੀ ਦੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿੱਥੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਵਜੋਂ ਸਦੀਆਂ ਤੋਂ ਮਨਾਏ ਜਾਂਦੇ ਹਿੰਦੂ ਤਿਉਹਾਰਾਂ ਤੇ ਧਾਰਮਿਕ ਸਮਾਗਮਾਂ ਨੂੰ ਸ਼ਰਾਰਤੀ ਤੱਤਾਂ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਉਦੋਂ ਹੋਇਆ ਜਦੋਂ ਪ੍ਰਯਾਗਰਾਜ ਵਿੱਚ ਹੋਣ ਵਾਲੇ ਵਿਸ਼ਵ ਦੇ ਸਭ ਤੋਂ ਵੱਡੇ ਧਾਰਮਿਕ ਇਕੱਠ ਪਵਿੱਤਰ ਮਹਾਕੁੰਭ ਮੇਲੇ ਲਈ ਜਾ ਰਹੇ ਤਾਪਤੀ-ਗੰਗਾ ਐਕਸਪ੍ਰੈਸ ਵਿੱਚ ਸਵਾਰ ਸ਼ਰਧਾਲੂਆਂ 'ਤੇ ਮਹਾਰਾਸ਼ਟਰ ਦੇ ਜਲਗਾਓਂ ਨੇੜੇ ਪੱਥਰਾਂ ਨਾਲ ਹਮਲਾ ਕੀਤਾ ਗਿਆ।
ਵੀਡੀਓ ਸੋਸ਼ਲ ਮੀਡੀਆ ਉੱਤੇ ਹੋਏ ਵਾਇਰਲ
ਮਹਾਕੁੰਭ ਲਈ ਜਾ ਰਹੇ ਸ਼ਰਧਾਲੂਆਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੇ ਕੀਤੇ ਹਨ ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਹਨ। ਪੀੜਤਾਂ ਨੇ ਪ੍ਰਧਾਨ ਮੰਤਰੀ, ਰੇਲਵੇ ਮੰਤਰੀ ਅਤੇ ਰਾਜ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਮਾਗਮ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀਆਂ ਰੇਲਗੱਡੀਆਂ ਦੀ ਸੁਰੱਖਿਆ ਯਕੀਨੀ ਬਣਾਉਣ।
ਸ਼ਾਹੀ ਇਸ਼ਨਾਨ ਲਈ ਲਜਾ ਰਹੇ ਸੀ ਰੇਲਗੱਡੀ
ਇੱਕ ਯਾਤਰੀ ਨੇ ਦੱਸਿਆ, "ਇਹ ਮਹਾਕੁੰਭ 'ਤੇ ਸ਼ਾਹੀ ਇਸ਼ਨਾਨ ਲਈ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀ ਪਹਿਲੀ ਰੇਲਗੱਡੀ ਹੈ। ਸਾਡੇ 'ਤੇ ਅਚਾਨਕ ਪੱਥਰਾਂ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਸ਼ੀਸ਼ਾ ਵੀ ਟੁੱਟ ਗਿਆ। ਇਸ ਨਾਲ ਅਸੀਂ ਗੰਭੀਰ ਜ਼ਖਮੀ ਹੋ ਸਕਦੇ ਸੀ। ਅਸੀਂ ਤੁਰੰਤ ਸੁਰੱਖਿਆ ਉਪਾਵਾਂ ਦੀ ਮੰਗ ਕਰਦੇ ਹਾਂ।" ਇਹ ਕੋਈ ਇਕੱਲੀ ਘਟਨਾ ਨਹੀਂ ਹੈ। 2024 ਵਿੱਚ ਵੀ ਇਸੇ ਤਰ੍ਹਾਂ ਦੇ ਹਮਲੇ ਹੋਏ ਸਨ ਜਦੋਂ ਸਮਾਜ ਵਿਰੋਧੀ ਅਨਸਰਾਂ ਨੇ ਅਯੁੱਧਿਆ ਤੇ ਹੋਰ ਧਾਰਮਿਕ ਸਥਾਨਾਂ 'ਤੇ ਸ਼ਰਧਾਲੂਆਂ ਨੂੰ ਲੈ ਜਾਣ ਵਾਲੀਆਂ ਰੇਲਗੱਡੀਆਂ ਨੂੰ ਨਿਸ਼ਾਨਾ ਬਣਾਇਆ ਸੀ।
ਗੋਧਰਾ ਕਾਂਡ ਦੀ ਕਰਵਾਈ ਯਾਦ
ਮਹਾਕੁੰਭ ਸ਼ਰਧਾਲੂਆਂ 'ਤੇ ਹਮਲਾ 2002 ਦੇ ਬਦਨਾਮ ਗੋਧਰਾ ਰੇਲਗੱਡੀ ਸਾੜਨ ਦੀ ਯਾਦ ਦਿਵਾਉਂਦਾ ਹੈ, ਜਿੱਥੇ ਅਯੁੱਧਿਆ ਤੋਂ ਵਾਪਸ ਆ ਰਹੇ 59 ਕਾਰਸੇਵਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ। ਇਹ ਹਮਲੇ ਹਿੰਦੂ ਧਾਰਮਿਕ ਇਕੱਠਾਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਗਿਣੀ-ਮਿਥੀ ਕੋਸ਼ਿਸ਼ ਦਾ ਹਿੱਸਾ ਜਾਪਦੇ ਹਨ। ਰਾਮ ਨੌਮੀ, ਹਨੂੰਮਾਨ ਜਯੰਤੀ ਅਤੇ ਦੁਰਗਾ ਪੂਜਾ ਵਿਸਰਜਨ ਦੌਰਾਨ ਧਾਰਮਿਕ ਜਲੂਸਾਂ 'ਤੇ ਪੱਥਰਬਾਜ਼ੀ ਤੋਂ ਲੈ ਕੇ ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਬ੍ਰਿਜਮੰਡਲ ਯਾਤਰਾ ਦੌਰਾਨ ਹੋਈ ਫਿਰਕੂ ਹਿੰਸਾ ਤੱਕ, ਇਹ ਰੁਝਾਨ ਤੇਜ਼ੀ ਨਾਲ ਹੋ ਰਿਹਾ ਹੈ।