ਸ਼ਿਲਾਂਗ: ਸਿੱਖਾਂ ਨੂੰ ਧਮਕੀਆਂ ਮਿਲਣ ਵਾਲੀ ਘਟਨਾ ਤੋਂ ਬਾਅਦ ਸ਼ਿਲਾਂਗ ਦੇ ਪੰਜਾਬੀ ਲੇਨ ਨੇੜਲੇ ਬੜਾ ਬਾਜ਼ਾਰ ਇਲਾਕੇ ਵਿੱਚ ਸਿੱਖ ਵਿਅਕਤੀ ਦੀ ਦੁਕਾਨ 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਹੈ। ਹਮਲੇ ਕਾਰਨ ਕਿਤਾਬਾਂ ਦੀ ਦੁਕਾਨ ਵਿੱਚ ਅੱਗ ਲੱਗ ਗਈ, ਜਿਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਜੂਦ ਹਨ।

 

ਜ਼ਿਕਰਯੋਗ ਹੈ ਕਿ ਮਾਹੌਲ ਤਣਾਅਪੂਰਨ ਹੋਣ ਕਾਰਨ ਮੇਘਾਲਿਆ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 16 ਜੂਨ ਤੋਂ ਲੈ ਕੇ ਬਾਅਦ ਦੁਪਹਿਰ 18 ਜੂਨ ਤਕ ਸ਼ਿਲਾਂਗ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਰਾਤ ਦਾ ਕਰਫਿਊ ਯਾਨੀ ਰਾਤ ਅੱਠ ਵਜੇ ਤੋਂ ਲੈ ਕੇ ਸਵੇਰ ਦੇ ਪੰਜ ਵਜੇ ਤਕ ਜਾਰੀ ਹੈ।

ਸ਼ਾਸਨ ਨੇ ਇਹ ਕਦਮ ਬੀਤੇ ਦਿਨੀਂ ਸਿੱਖ ਨੌਜਵਾਨਾਂ ਨੂੰ ਫ਼ੋਨ ‘ਤੇ ਮਿਲੀਆਂ ਧਮਕੀਆਂ ਤੋਂ ਬਾਅਦ ਚੁੱਕਿਆ ਹੈ। ਬੀਤੀ ਮਈ ਦੌਰਾਨ ਸ਼ਿਲਾਂਗ ਵਿੱਚ ਸਥਾਨਕ ਖਾਸੀ ਭਾਈਚਾਰੇ ਦੇ ਲੋਕਾਂ ਤੇ ਸਿੱਖਾਂ ਦਰਮਿਆਨ ਟਕਰਾਅ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

ਕੀ ਹੈ ਪੂਰਾ ਮਾਮਲਾ-

ਲੰਘੀ 31 ਮਈ ਨੂੰ ਸਿੱਖ ਲੜਕੀਆਂ ਨੂੰ ਸਥਾਨਕ ਖਾਸੀ ਭਾਈਚਾਰੇ ਦੇ ਬੱਸ ਕੰਡਕਰ ਕਥਿਤ ਤੌਰ ‘ਤੇ ਛੇੜਿਆ ਤੇ ਉਨ੍ਹਾਂ ਲੜਕੀਆਂ ਨੇ ਬੱਸ ਕੰਡਕਟਰ ਦੀ ਭੁਗਤ ਸਵਾਰ ਦਿੱਤੀ। ਉੱਥੋਂ ਸਿੱਖਾਂ ਤੇ ਸਥਾਨਕ ਲੋਕਾਂ ਦਰਮਿਆਨ ਝਗੜਾ ਹੋ ਗਿਆ ਸੀ। ਇਸ ਮਗਰੋਂ ਸੋਸ਼ਲ ਮੀਡੀਆ ’ਤੇ ਇਹ ਅਫ਼ਵਾਹ ਫੈਲਾ ਦਿੱਤੀ ਗਈ ਕਿ ਬੱਸ ਦੇ ਕਲੀਨਰ ਦੀ ਮੌਤ ਹੋ ਗਈ ਹੈ ਅਤੇ ਫਿਰ ਬੱਸ ਡਰਾਈਵਰਾਂ ਨੇ ਪੰਜਾਬੀ ਲੇਨ ਇਲਾਕੇ ਨੂੰ ਘੇਰ ਲਿਆ ਸੀ ਅਤੇ ਪੁਲੀਸ ਨੂੰ ਇਸ ’ਤੇ ਕਾਬੂ ਪਾਉਣ ਲਈ ਕਾਫ਼ੀ ਜੱਦੋ ਜਹਿਦ ਕਰਨੀ ਪਈ। ਸੱਤ ਜ਼ਿਲ੍ਹਿਆਂ ਵਿੱਚ ਪਹਿਲੀ ਜੂਨ ਤੋਂ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਸਨ।