ਚੰਡੀਗੜ੍ਹ: ਕੋਰੋਨਾ ਵਾਇਰਸ ਦੌਰਾਨ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਦਬਾਅ ਕਾਫੀ ਵੱਧ ਗਿਆ ਹੈ ਤੇ ਇਸ ਦੌਰਾਨ ਕਈ ਸੱਚੀਆਂ-ਝੂਠੀਆਂ ਖ਼ਬਰਾਂ ਵੀ ਅੱਗ ਵਾਂਗ ਫੈਲ ਰਹੀਆਂ ਹਨ। ਅਜਿਹੀ ਹੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੁਲਿਸ ਦਾ ਜਵਾਨ ਥਾਣੇਦਾਰ ਨੂੰ ਡਾਂਗਾਂ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ। ਆਓ ਤੁਹਾਨੂੰ ਇਸ ਵਾਇਰਲ ਵੀਡੀਓ ਦੀ ਸੱਚਾਈ ਦੱਸਦੇ ਹਾਂ-
ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦਾ ਦੱਸਿਆ ਜਾਂਦਾ ਹੈ। ਵੀਡੀਓ ਨਾਲ ਇਹ ਸੰਦੇਸ਼ ਵੀ ਵਾਇਰਲ ਹੋ ਰਿਹਾ ਹੈ ਕਿ ਸਿਪਾਹੀ ਨੇ ਸ਼ਰ੍ਹੇਆਮ ਸੜਕ ‘ਤੇ ਦਰੋਗਾ ਨੂੰ ਡੰਡਿਆਂ ਨਾਲ ਖ਼ੂਬ ਕੁੱਟਿਆ। ਏਬੀਪੀ ਨਿਊਜ਼ ਨੇ ਇਸ ਦੀ ਪੜਤਾਲ ਕੀਤੀ ਤੇ ਸੀਤਾਪੁਰ ਦੇ ਪੁਲਿਸ ਸੁਪਰਡੰਟ ਨਾਲ ਗੱਲਬਾਤ ਕੀਤੀ।
ਐਸਪੀ ਐਲ.ਆਰ. ਕੁਮਾਰ ਤੋਂ ਵਾਇਰਲ ਵੀਡੀਓ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇੱਕ ਸਬ ਇੰਸਪੈਕਟਰ ਤੇ ਹੈੱਡ ਕਾਂਸਟੇਬਲ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਹੈ। ਇਹ ਘਟਨਾ 21 ਅਪ੍ਰੈਲ ਨੂੰ ਕੋਤਵਾਲੀ ਇਲਾਕੇ ਵਿੱਚ ਵਾਪਰੀ। ਡਿਊਟੀ ਸਮੇਂ ਸਿਪਾਹੀ ਤੇ ਹੈੱਡ ਕਾਂਸਟੇਬਲ ਨੂੰ ਤਾਇਨਾਤ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉੱਥੇ ਸਬ ਇੰਸਪੈਕਟਰ ਬੈਠਾ ਹੋਇਆ ਸੀ ਤੇ ਉਸ ਨੂੰ ਦੱਸਿਆ ਕਿ ਉਹ ਖੜ੍ਹਾ ਹੋ ਕੇ ਡਿਊਟੀ ਕਰੇ। ਇਸ ਗੱਲ ‘ਤੇ ਬਹਿਸ ਹੋ ਗਈ ਜੋ ਇੰਨੀ ਵੱਧ ਗਈ ਉਨ੍ਹਾਂ ਅਨੁਸ਼ਾਸਨ ਤੋੜਦਿਆਂ ਵਰਦੀ ਵਿੱਚ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਪੁਲਿਸ ਸੁਪਰਡੰਟ ਨੇ ਦੱਸਿਆ ਕਿ ਘਟਨਾ ਦਾ ਨੋਟਿਸ ਲੈਂਦਿਆਂ ਉਨ੍ਹਾਂ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ। ਸੀਤਾਪੁਰ ਦੇ ਐਸਪੀ ਐਲਆਰ ਕੁਮਾਰ ਦੇ ਬਿਆਨ ਤੋਂ ਸਾਬਤ ਹੁੰਦਾ ਹੈ ਕਿ ਸਿਪਾਹੀ ਵੱਲੋਂ ਥਾਣੇਦਾਰ ਨਾਲ ਕੁੱਟਮਾਰ ਦਾ ਵੀਡੀਓ ਅਸਲੀ ਹੈ।