ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਰਿਲਾਇੰਸ ਦੇ ਜੀਓ (JIO) ਪਲੇਟਫਾਰਮ ਲਿਮਟਿਡ ‘ਚ ਫੇਸਬੁੱਕ ਨੇ 9.99 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦੀ ਹੈ। ਇਸ ਦੇ ਲਈ ਫੇਸਬੁੱਕ ਨੇ 43,574 ਕਰੋੜ ਰੁਪਏ ਅਦਾ ਕੀਤੇ ਹਨ। ਇਸ ਹਿੱਸੇਦਾਰੀ ਦੇ ਨਾਲ ਫੇਸਬੁੱਕ ਰਿਲਾਇੰਸ ਜੀਓ ‘ਚ ਸਭ ਤੋਂ ਵੱਡਾ ਮਾਈਨਿਓਰਿਟੀ ਸ਼ੇਅਰ ਹੋਲਡਰ  ਬਣ ਗਿਆ ਹੈ। ਇਸ ਸੌਦੇ ਦੀ ਗੱਲ ਕਰੀਏ ਤਾਂ ਰਿਲਾਇੰਸ ਦੇ ਜੀਓ ਪਲੇਟਫਾਰਮਸ ਦੀ ਕੀਮਤ 4.62 ਲੱਖ ਕਰੋੜ ਰੁਪਏ ਰੱਖੀ ਗਈ ਹੈ।

ਫੇਸਬੁੱਕ ਨਾਲ ਇਸ ਸਾਂਝੇਦਾਰੀ ਬਾਰੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਦੋਂ ਅਸੀਂ ਸਾਲ 2016 ‘ਚ ਜੀਓ ਦੀ ਸ਼ੁਰੂਆਤ ਕੀਤੀ ਸੀ, ਤਾਂ ਅਸੀਂ "ਭਾਰਤ ਦਾ ਡਿਜੀਟਲ ਸਰਵੋਦਿਆ" ਦੇ ਸੁਪਨਾ ਨੂੰ ਲੈ ਕੇ ਤੁਰੇ ਸੀ। ਇਸ ‘ਚ ਸਾਡਾ ਉਦੇਸ਼ ਹਰ ਭਾਰਤੀ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਤੇ ਭਾਰਤ ਨੂੰ ਵਿਸ਼ਵ ਦੇ ਪ੍ਰਮੁੱਖ ਡਿਜੀਟਲ ਸਮਾਜ ਵਜੋਂ ਵੇਖਣਾ ਸੀ।

ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਤੇ ਫੇਸਬੁੱਕ ਵਿਚਾਲੇ ਸਦਭਾਵਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਿਜੀਟਲ ਇੰਡੀਆ ਦੇ ਮਿਸ਼ਨ ਨੂੰ ਪੂਰਾ ਕਰਨ ‘ਚ ਸਹਾਇਤਾ ਕਰੇਗੀ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕੋਰੋਨਾ ਤੋਂ ਬਾਅਦ ਦੇ ਯੁੱਗ ‘ਚ ਭਾਰਤ ਘੱਟ ਤੋਂ ਘੱਟ ਸਮੇਂ ‘ਚ ਆਰਥਿਕ ਸੁਧਾਰ ਕਰੇਗਾ। ਫੇਸਬੁੱਕ ਅਤੇ ਰਿਲਾਇੰਸ ਦੀ ਇਹ ਭਾਈਵਾਲੀ ਇਸ ਦਿਸ਼ਾ ‘ਚ ਇਕ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ।

ਉੱਥੇ ਹੀ ਆਪਣੀ ਫੇਸਬੁੱਕ ਪੋਸਟ ‘ਚ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਇਸ ਸਾਂਝੇਦਾਰੀ ਦਾ ਕੇਂਦਰ ਇੱਕ ਹੋਵੇਗਾ ਜਿਸ ‘ਚ ਵੱਧ ਰਹੀ ਡਿਜੀਟਲ ਆਰਥਿਕਤਾ ‘ਚ ਲੋਕਾਂ ਅਤੇ ਕਾਰੋਬਾਰਾਂ ਲਈ ਨਵੇਂ ਤਰੀਕੇ ਵਿਕਸਤ ਕੀਤੇ ਜਾ ਸਕਦੇ ਹਨ ਤਾਂ ਜੋ ਉਹ ਵਧੇਰੇ ਸੁਚਾਰੂ ਢੰਗ ਨਾਲ ਕੰਮ ਕਰ ਸਕਣ।
ਇਹ ਵੀ ਪੜ੍ਹੋ :