ਨਵੀਂ ਦਿੱਲੀ: ਮਹਾਰਾਸ਼ਟਰ ਦੇ ਪਾਰਨੇਰ ਸਥਿਤ ਪਿੰਪਲਗਾਓਂ ਰੋਥਾ 'ਚ ਇੱਕ ਚੀਤੇ ਦੇ ਘਰ ' ਚ ਦਾਖਲ ਹੋਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਹਾਲ ਹੀ ਵਿੱਚ, ਇੱਕ ਸਾਲਾ ਨਰ ਚੀਤੇ ਨੇ ਇੱਕ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਘਰ ਦੇ ਅੰਦਰ ਚੀਤੇ ਦਾ ਵੀਡੀਓ ਯੂ-ਟਿਊਬ 'ਤੇ ਵਾਇਰਲ ਹੋ ਗਿਆ ਹੈ।


ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਾਨਵਰ ਕਿਵੇਂ ਘਰ ਦੇ ਅੰਦਰ ਜਾਂਦਾ ਹੈ ਅਤੇ ਫਿਰ ਵੀਡੀਓ ਨੂੰ ਸ਼ੂਟ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ 'ਤੇ ਛਾਲ ਮਾਰਨ ਲਈ ਛੜੱਪਾ ਮਾਰਦਾ ਹੈ ਅਤੇ ਦਹਾੜਦਾ ਵੀ ਹੈ। ਵੀਡੀਓ ਕਲਿੱਪ ਵਿੱਚ ਚੀਤਾ ਘਰ ਦੇ ਅੰਦਰ ਇਕ ਗੱਤੇ ਦੇ ਡੱਬੇ ਦੇ ਉੱਪਰ ਝੁਕਿਆ ਹੋਇਆ ਖਿੜਕੀ ਦੇ ਬਾਹਰ ਭੀੜ ਨੂੰ ਵੇਖ ਰਿਹਾ ਹੈ। ਵੀਡੀਓ ਵਿੱਚ ਅਧਿਕਾਰੀਆਂ ਨੂੰ ਵੀ ਵੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਚੀਤੇ ਨੂੰ ਡੰਡੇ ਨਾਲ ਧੱਕਾ ਦੇ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।


ਚੀਤੇ ਨੂੰ ਤਿੰਨ ਘੰਟਿਆਂ ਦੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਬਚਾਇਆ ਗਿਆ, ਜਿਸ ਨੂੰ ਵਾਈਲਡ ਲਾਈਫ ਐਸਓਐਸ ਅਤੇ ਮਹਾਰਾਸ਼ਟਰ ਦੇ ਵਣ ਵਿਭਾਗ ਨੇ ਚਲਾਇਆ ਸੀ। ਅਧਿਕਾਰੀਆਂ ਦੁਆਰਾ ਚੀਤੇ ਨੂੰ ਫੜਨ ਤੋਂ ਬਾਅਦ, ਇਸ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਇਸਨੂੰ ਵਾਪਸ ਜੰਗਲ ਵਿੱਚ ਛੱਡ ਦਿੱਤਾ ਗਿਆ।