Vistara Airlines: ਪਿਛਲੇ ਕੁਝ ਦਿਨਾਂ ਤੋਂ ਪਾਇਲਟਾਂ ਦੀ ਕਮੀ ਦਾ ਅਸਰ ਵਿਸਤਾਰਾ ਏਅਰਲਾਈਨਜ਼ (Vistara Airlines) 'ਤੇ ਸਾਫ ਦਿਖਾਈ ਦੇ ਰਿਹਾ ਹੈ। ਪਿਛਲੇ ਬੁੱਧਵਾਰ ਕੰਪਨੀ ਦੇ ਅਧਿਕਾਰੀਆਂ ਅਤੇ ਪਾਇਲਟਾਂ ਵਿਚਕਾਰ ਇੱਕ ਵਰਚੁਅਲ ਮੀਟਿੰਗ ਹੋਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਚਾਰ ਦਿਨਾਂ 'ਚ ਵਿਸਤਾਰਾ ਏਅਰਲਾਈਨਜ਼ ਵੱਲੋਂ 100 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ।


ਡੀਜੀਸੀਏ ਨੇ ਫਲਾਈਟ ਰੱਦ ਹੋਣ ਅਤੇ ਦੇਰੀ ਬਾਰੇ ਰੋਜ਼ਾਨਾ ਰਿਪੋਰਟ ਮੰਗੀ ਸੀ। ਇਸ ਦੌਰਾਨ ਵਿਸਤਾਰਾ ਏਅਰਲਾਈਨਜ਼ ਦੇ ਸੀਈਓ ਵਿਨੋਦ ਕੰਨਨ ਨੇ ਉਮੀਦ ਜਤਾਈ ਹੈ ਕਿ ਮਈ ਮਹੀਨੇ ਤੱਕ ਸੰਚਾਲਨ ਆਮ ਵਾਂਗ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਾਇਲਟਾਂ ਦੇ ਵਧੇ ਹੋਏ ਰੋਸਟਰ ਕਾਰਨ ਉਡਾਣ ਵਿੱਚ ਵਿਘਨ ਪਿਆ ਹੈ।


ਮਈ ਤੱਕ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੋ ਜਾਵੇਗੀ
ਇੱਕ ਇੰਟਰਵਿਊ ਵਿੱਚ ਵਿਸਤਾਰਾ ਏਅਰਲਾਈਨਜ਼ ਦੇ ਸੀਈਓ ਵਿਨੋਦ ਕੰਨਨ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਵਿਘਨ ਲਈ ਯਾਤਰੀਆਂ ਤੋਂ ਮੁਆਫੀ ਚਾਹੁੰਦੇ ਹਾਂ। ਵਿਸਤਾਰਾ ਸਥਿਤੀ ਨੂੰ ਆਮ ਬਣਾਉਣ ਉਤੇ ਧਿਆਨ ਦੇ ਰਿਹਾ ਹੈ ਅਤੇ ਇਹ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਵਿਸਤਾਰਾ ਦੇ ਸੀਈਓ ਵਿਨੋਦ ਕੰਨਨ ਦਾ ਕਹਿਣਾ ਹੈ ਕਿ ਪਾਇਲਟਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਦੀ ਸਮੀਖਿਆ ਅਤੇ ਚਰਚਾ ਕੀਤੀ ਜਾ ਰਹੀ ਹੈ।


ਇਸ ਹਫ਼ਤੇ ਤੋਂ ਬਾਅਦ ਉਡਾਣਾਂ ਰੱਦ ਨਹੀਂ ਹੋਣਗੀਆਂ - ਵਿਨੋਦ ਕੰਨਨ
ਵਿਨੋਦ ਕੰਨਨ ਨੇ ਸ਼ੁੱਕਰਵਾਰ ਨੂੰ ਇਕ ਮੀਡੀਆ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਇਸ ਹਫਤੇ ਤੋਂ ਬਾਅਦ ਐਨ ਆਖਰੀ ਸਮੇਂ 'ਤੇ ਉਡਾਣਾਂ ਨੂੰ ਰੱਦ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ, ਕਿਉਂਕਿ ਸਮੱਸਿਆ ਨੂੰ ਹੌਲੀ-ਹੌਲੀ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਉਡਾਣਾਂ ਦਾ ਸਵਾਲ ਹੈ ਤਾਂ ਅਸੀਂ ਆਮ ਸਥਿਤੀ ਵਿਚ ਆ ਗਏ ਹਾਂ।


ਪਾਇਲਟਾਂ ਦੀ ਇਨ੍ਹਾਂ ਗੱਲਾਂ ਨੂੰ ਲੈ ਕੇ ਸ਼ਿਕਾਇਤ ਹੈ
ਪਿਛਲੇ ਵੀਰਵਾਰ ਵਿਸਤਾਰਾ ਏਅਰਲਾਈਨਜ਼ ਦੇ ਪਾਇਲਟਾਂ ਨੇ ਥਕਾਵਟ ਦੀ ਸ਼ਿਕਾਇਤ ਕੀਤੀ ਅਤੇ ਇਸ ਦਾ ਸਿੱਧਾ ਅਸਰ ਸੁਰੱਖਿਆ ਉਤੇ ਪੈਂਦਾ ਹੈ। ਪਾਇਲਟਾਂ ਦਾ ਕਹਿਣਾ ਹੈ ਕਿ ਉਹ ਬਹੁਤ ਜ਼ਿਆਦਾ ਫਲਾਈਟ ਡਿਊਟੀ ਦੀ ਹੱਦ ਤੱਕ ਪਹੁੰਚ ਗਏ ਹਨ ਅਤੇ ਥਕਾਵਟ ਕਾਰਨ ਜਲਦੀ ਬੀਮਾਰ ਹੋ ਰਹੇ ਹਨ। ਵਿਸਤਾਰਾ ਏਅਰਲਾਈਨਜ਼ ਦੇ ਕਈ ਪਾਇਲਟ ਬਿਮਾਰ ਦੱਸੇ ਜਾ ਰਹੇ ਹਨ। 


ਇਸ ਦੇ ਨਾਲ ਹੀ ਕਈ ਲੋਕ ਵਿਸਤਾਰਾ ਦੇ ਏਅਰ ਇੰਡੀਆ ਨਾਲ ਰਲੇਵੇਂ ਤੋਂ ਬਾਅਦ ਲਿਆਂਦੇ ਗਏ ਤਨਖਾਹ ਢਾਂਚੇ ਤੋਂ ਖੁਸ਼ ਨਹੀਂ ਹਨ ਅਤੇ ਇਸ ਦਾ ਵਿਰੋਧ ਕਰ ਰਹੇ ਹਨ। ਪਾਇਲਟਾਂ ਦਾ ਕਹਿਣਾ ਹੈ ਕਿ ਹਰ ਕੋਈ ਉਡਾਣ ਤੋਂ ਥੱਕ ਗਿਆ ਹੈ। ਹਰ ਕੋਈ ਉਮੀਦ ਕਰ ਰਿਹਾ ਸੀ ਕਿ ਨਵੇਂ ਫਲਾਈਟ ਡਿਊਟੀ ਸਮਾਂ ਸੀਮਾ ਨਿਯਮਾਂ ਤੋਂ ਕੁਝ ਰਾਹਤ ਮਿਲੇਗੀ, ਪਰ ਫਿਲਹਾਲ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।


ਪਾਇਲਟਾਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਏਅਰਲਾਈਨਜ਼ ਪਾਇਲਟਾਂ ਨਾਲੋਂ ਸਾਫਟਵੇਅਰ 'ਤੇ ਜ਼ਿਆਦਾ ਭਰੋਸਾ ਕਰ ਰਹੀਆਂ ਹਨ। ਪਾਇਲਟ ਥਕਾਵਟ ਦੀ ਸ਼ਿਕਾਇਤ ਕਰ ਰਹੇ ਹਨ ਅਤੇ ਕੰਪਨੀ ਬੋਇੰਗ ਅਲਰਟਨੇਸ ਮਾਡਲ 'ਤੇ ਭਰੋਸਾ ਕਰ ਰਹੀ ਹੈ।