ਨਵੀਂ ਦਿੱਲੀ: ਪੱਛਮੀ ਬੰਗਾਲ ’ਚ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਇਹ ਖ਼ਬਰ ਆਈ ਹੈ ਇਸ ਸੂਬੇ ਵਿੱਚ ਅਗਲੇ ਹਫ਼ਤੇ ਵਿਧਾਨ ਸਭਾ ਚੋਣਾਂ ਦਾ ਐਲਾਨਹੋ ਸਕਦਾ ਹੈ। ਰਾਜ ਵਿੱਚ ਅਪ੍ਰੈਲ-ਮਈ ਦੌਰਾਨ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ ਕਿਉਂਕਿ ਪੱਛਮੀ ਬੰਗਾਲ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 30 ਮਈ, 2021 ਨੂੰ ਖ਼ਤਮ ਹੋ ਰਿਹਾ ਹੈ।


ਚੋਣ ਤਰੀਕਾਂ ਦੇ ਐਲਾਨ ਦੇ ਤੁਰੰਤ ਬਾਅਦ ਹੀ ਚੋਣ ਕਮਿਸ਼ਨ ਕੇਂਦਰੀ ਬਲਾਂ ਦੀਆਂ 800 ਤੋਂ ਵੱਧ ਕੰਪਨੀਆਂ ਚੋਣ ਡਿਊਟਾ ਲਈ ਤਾਇਨਾਤ ਕਰ ਸਕਦਾ ਹੈ। ਸਾਲ 2016 ’ਚ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਕਈ ਇਲਾਕਿਆਂ ਨੂੰ ‘ਬੇਹੱਦ ਸੰਵੇਦਨਸ਼ੀਲ’ ਮੰਨਦਿਆਂ 725 ਤੋਂ ਵੱਧ ਕੰਪਨੀਆਂ ਭੇਜੀਆਂ ਸਨ। ਇਸ ਵਾਰ ਸੰਵੇਦਨਸ਼ੀਲ ਬੂਥਾਂ ਦੀ ਗਿਣਤੀ ਪਿਛਲੀ ਵਾਰ ਤੋਂ ਕਿਤੇ ਜ਼ਿਆਦਾ ਹੈ। ਇਸੇ ਲਈ ਇਸ ਵਾਰ ਕੇਂਦਰੀ ਬਲਾਂ ਦੀਆਂ 800 ਤੋਂ ਵੱਧ ਕੰਪਨੀਆਂ ਪੱਛਮੀ ਬੰਗਾਲ ’ਚ ਤਾਇਨਾਤ ਕੀਤੀਆਂ ਜਾ ਸਕਦੀਆਂ ਹਨ।


ਪੱਛਮੀ ਬੰਗਾਲ ’ਚ ਵਿਧਾਨ ਸਭਾ ਦੀਆਂ 294 ਸੀਟਾਂ ਹਨ। ਇਸ ਵੇਲੇ ਇੱਥੇ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ ਤੇ ਮਮਤਾ ਬੈਨਰਜੀ ਮੁੱਖ ਮੰਤਰੀ ਹਨ। ਪਿਛਲੀਆਂ ਚੋਣਾਂ ’ਚ ਮਮਤਾ ਦੀ ਟੀਐਮਸੀ ਨੇ ਸਭ ਤੋਂ ਵੱਧ 211 ਸੀਟਾਂ, ਕਾਂਗਰਸ ਨੇ 44, ਖੱਬੀਆਂ ਪਾਰਟੀਆਂ ਨੇ 26 ਅਤੇ ਭਾਜਪਾ ਨੂੰ ਸਿਰਫ਼ ਤਿੰਨ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ; ਜਦ ਕਿ ਹੋਰਨਾਂ ਨੂੰ 10 ਸੀਟਾਂ ਉੱਤੇ ਜਿੱਤ ਮਿਲੀ ਸੀ। ਇੱਥੇ ਬਹੁਮਤ ਲਈ 148 ਸੀਟਾਂ ਚਾਹੀਦੀਆਂ ਹਨ। ਦੱਸ ਦੇਈਏ ਕਿ ਪੱਛਮੀ ਬੰਗਾਲ ਤੋਂ ਇਲਾਵਾ ਇਸ ਵਰ੍ਹੇ ਆਸਾਮ, ਤਾਮਿਲਨਾਡੂ, ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਤੇ ਕੇਰਲ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ।