ਮੋਦੀ ਨੇ ਫਿਰ ਮਾਰੀ ਬੜ੍ਹਕ, 'ਬੱਸ ਹੁਣ ਬਹੁਤ ਹੋ ਗਿਆ'
ਏਬੀਪੀ ਸਾਂਝਾ | 10 Mar 2019 01:39 PM (IST)
ਗਾਜ਼ੀਆਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਨਿਸ਼ਾਨਾ ਬਣਾ ਰਹੀਆਂ ਅੱਤਵਾਦੀ ਤਾਕਤਾਂ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਹੈ ਕਿ ਭਾਰਤ ਹਮੇਸ਼ਾ ਪੀੜਤ ਨਹੀਂ ਬਣਿਆ ਰਹੇਗਾ। ਪੁਲਵਾਮਾ ਤੇ ਉਰੀ ਵਿੱਚ ਹੋਏ ਅੱਤਵਾਦੀ ਹਮਲੇ ਦਾ ਹਵਾਲਾ ਦਿੰਦਿਆਂ ਪੀਐਮ ਮੋਦੀ ਨੇ ਕਿਹਾ ਕਿ ਬਹੁਤ ਹੋ ਗਿਆ, ਅਸੀਂ ਅਨੰਤ ਕਾਲ ਤਕ ਪੀੜਤ ਨਹੀਂ ਰਹਿ ਸਕਦੇ। ਪੀਐਮ ਮੋਦੀ ਅੱਜ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ 50ਵੇਂ ਸਥਾਪਨਾ ਦਿਵਸ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੁਸ਼ਮਣ ਗੁਆਂਢੀ ਦਾ ਸਾਹਮਣਾ ਕਰ ਰਿਹਾ ਹੋਵੇ ਤੇ ਸਰਹੱਦ ਪਾਰੋਂ ਦੇਸ਼ ਦੇ ਅੰਦਰ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਸ਼ਹਿ ਮਿਲ ਰਹੀ ਹੋਏ ਤਾਂ ਅਜਿਹੇ ਵਿੱਚ ਸੀਆਈਐਸਐਫ ਵਰਗੇ ਸੁਰੱਖਿਆ ਬਲਾਂ ਦੀ ਭੂਮਿਕਾ ਕਾਫੀ ਅਹਿਮ ਹੋ ਜਾਂਦੀ ਹੈ। ਪੀਐਮ ਮੋਦੀ ਨੇ ਕਿਹਾ ਕਿ ਕਈ ਵਾਰ ਵੀਆਈਪੀ ਕਲਚਰ ਸੁਰੱਖਿਆ ਢਾਂਚੇ ਵਿੱਚ ਅੜਿੱਕਾ ਪਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਦੇ-ਕਦੇ ਸਰਕਾਰ ਨੂੰ ਕੁਝ ਅਹਿਮ ਫੈਸਲੇ ਲੈਣੇ ਹੁੰਦੇ ਹਨ, ਇਸੇ ਲਈ ਕੁਝ ਸਖ਼ਤ ਕਦਮ ਚੁੱਕੇ ਗਏ।