Weather Today: ਦਿੱਲੀ-ਐਨਸੀਆਰ 'ਚ ਸ਼ੁੱਕਰਵਾਰ ਸਵੇਰੇ ਮੌਸਮ ਨੇ ਕਰਵਟ ਲਈ। ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ ਜਿਸ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਬਿਜਲੀ ਦੀਆਂ ਗੜਗੜਾਹਟ ਵਿਚਕਾਰ ਭਾਰੀ ਮੀਂਹ ਜਾਰੀ ਹੈ। ਤੇਜ਼ ਹਵਾਵਾਂ ਦੇ ਨਾਲ ਹੋ ਰਹੀ ਭਾਰੀ ਮੀਂਹ ਕਾਰਨ ਦਿੱਲੀ ਏਅਰਪੋਰਟ (ਟੀ3) 'ਤੇ ਇਕ ਧਾਤੂ ਢਾਂਚਾ ਢਹਿ ਗਿਆ। ਇਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਹਨੇਰੀ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਸੱਤ ਦਿਨਾਂ ਤੱਕ ਦਿੱਲੀ-ਐਨਸੀਆਰ ਸਮੇਤ ਆਸ-ਪਾਸ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਜਾਂ ਤੇਜ਼ ਮੀਂਹ ਕਾਰਨ ਤਾਪਮਾਨ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ।
2 ਮਈ ਤੋਂ ਲੈ ਕੇ 4 ਮਈ ਤੱਕ ਤੇਜ਼ ਹਵਾਵਾਂ ਅਤੇ ਮੀਂਹ ਦਾ ਅਲਰਟ
ਮੌਸਮ ਵਿਭਾਗ ਦਾ ਅਨੁਮਾਨ ਸੀ ਕਿ 1 ਮਈ ਦੀ ਰਾਤ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ। 2 ਮਈ ਤੋਂ 4 ਮਈ ਤੱਕ ਤੇਜ਼ ਹਵਾਵਾਂ ਦੇ ਨਾਲ ਹਲਕੀ ਮੀਂਹ ਹੋਵੇਗੀ। ਇਸ ਤੋਂ ਅਗਲੇ ਦੋ ਦਿਨਾਂ ਵਿੱਚ ਵੀ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ ਤੇ ਕੁਝ ਥਾਵਾਂ 'ਤੇ ਹਨੇਰੀ ਅਤੇ ਤੂਫ਼ਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ, ਦਿਨ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਤੱਕ ਰਹਿਣ ਦਾ ਅਨੁਮਾਨ ਹੈ। ਅਗਲੇ 3 ਦਿਨ ਤੱਕ ਐਨਸੀਆਰ 'ਚ ਮੌਸਮ ਬਦਲਿਆ ਰਹੇਗਾ। 2 ਮਈ ਨੂੰ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਰਹਿਣ ਦੀ ਸੰਭਾਵਨਾ ਹੈ।
ਪੰਜਾਬ ਵਿੱਚ ਹਨੇਰੀ-ਤੂਫਾਨ ਸਣੇ ਮੀਂਹ ਤੇ ਗੜ੍ਹੇਮਾਰੀ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇਜ਼ ਹਨੇਰੀ ਤੋਂ ਬਾਅਦ ਮੀਂਹ ਪੈਣ ਦੀਆਂ ਖ਼ਬਰਾਂ ਸਾਹਮਣੇ ਆਈਆ ਹਨ। ਮੋਹਾਲੀ ਜ਼ਿਲ੍ਹੇ ਵਿੱਚ ਤੇਜ਼ ਹਵਾਵਾਂ ਤੋਂ ਬਾਅਦ ਮੀਂਹ ਪੈਣ ਕਰਕੇ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਪਟਿਆਲਾ ਤੋਂ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਹੋਣ ਦੀ ਸੂਚਨਾ ਮਿਲੀ ਹੈ।
ਮੌਸਮ ਵਿਭਾਗ ਮੁਤਾਬਕ ਪਟਿਆਲਾ, ਮੋਹਾਲੀ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਕੁਝ ਦਿਨਾਂ ਵਿੱਚ ਤੇਜ਼ ਹਨੇਰੀ-ਤੂਫਾਨ ਵਰਗੇ ਹਾਲਾਤ ਬਣੇ ਰਹਿਣਗੇ। ਜਿੱਥੇ ਹਵਾਵਾਂ ਦੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋ ਸਕਦੀ ਹੈ।