Weather Update 24 March, 2025: ਦੇਸ਼ਭਰ ਦੇ ਕਈ ਰਾਜਾਂ ਵਿੱਚ ਮੌਸਮ ਦਾ ਮਿਜਾਜ ਬਦਲਿਆ ਹੋਇਆ ਦੇਖਣ ਨੂੰ ਮਿਲ ਰਿਹਾ ਹੈ। ਕਿਤੇ ਤਾਪਮਾਨ ਵਧ ਰਿਹਾ ਹੈ ਤਾਂ ਕਿਤੇ ਤੇਜ਼ ਮੀਂਹ, ਝਕੜ ਅਤੇ ਬਿਜਲੀ ਗਰਜ਼ਨ ਦੀ ਸੰਭਾਵਨਾ ਬਣੀ ਹੋਈ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਪੂਰਬੀ ਅਤੇ ਕੇਂਦਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਗੜਗੜਾਹਟ ਨਾਲ ਭਾਰੀ ਮੀਂਹ ਪੈ ਰਿਹਾ ਹੈ।
ਮੌਸਮ ਵਿਭਾਗ ਦੇ ਮੁਤਾਬਕ, ਆਉਣ ਵਾਲੇ 48 ਘੰਟਿਆਂ ਵਿੱਚ ਬਿਹਾਰ, ਛੱਤੀਸਗੜ੍ਹ, ਪੂਰਬੀ ਮੱਧ ਪ੍ਰਦੇਸ਼, ਝਾਰਖੰਡ ਅਤੇ ਓਡੀਸ਼ਾ ਵਿੱਚ ਮੂਸਲਾਧਾਰ ਮੀਂਹ ਹੋਣ ਦੇ ਆਸਾਰ ਹਨ। ਹਾਲਾਂਕਿ, ਇਸ ਨਾਲ ਸਥਾਨਕ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। IMD ਦੇ ਅਨੁਸਾਰ, ਬਿਹਾਰ ਦੇ ਛਪਰਾ, ਗੋਪਾਲਗੰਜ, ਸੀਵਾਨ, ਹਾਜੀਪੁਰ ਅਤੇ ਮੁਜ਼ੱਫਰਪੁਰ ਵਿੱਚ ਭਾਰੀ ਮੀਂਹ ਹੋਣ ਦੇ ਅਨੁਮਾਨ ਹਨ। ਦੂਜੇ ਪਾਸੇ ਝਾਰਖੰਡ ਦੇ ਬੋਕਾਰੋ, ਚਾਈਬਾਸਾ, ਦੁਮਕਾ, ਹਜ਼ਾਰੀਬਾਗ ਅਤੇ ਰਾਂਚੀ ਵਿੱਚ ਝਕੜ ਅਤੇ ਹਨੇਰੀ-ਤੂਫ਼ਾਨ ਦੀ ਸਥਿਤੀ ਬਣੀ ਹੋਈ ਹੈ।
ਦਿੱਲੀ-ਐਨਸੀਆਰ ਵਿੱਚ ਵਧੇਗੀ ਗਰਮੀ
ਦਿੱਲੀ-ਐਨਸੀਆਰ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 35 ਤੋਂ 38 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਜੋ ਕਿ ਸਧਾਰਨ ਤਾਪਮਾਨ ਨਾਲੋਂ ਕੁਝ ਡਿਗਰੀ ਵੱਧ ਹੋਵੇਗਾ। ਘੱਟੋ-ਘੱਟ ਤਾਪਮਾਨ ਵੀ 16 ਤੋਂ 19 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਉਮੀਦ ਹੈ। ਤੇਜ਼ ਧੁੱਪ ਕਾਰਨ ਗਰਮੀ ਦਾ ਪ੍ਰਭਾਵ ਵੱਧੇਗਾ, ਪਰ ਹਵਾ ਵਿੱਚ ਨਮੀ ਹੋਣ ਕਰਕੇ ਉਮਸ ਵੀ ਮਹਿਸੂਸ ਹੋ ਸਕਦੀ ਹੈ। ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਵੀ ਗਰਮੀ ਦੀ ਤੀਬਰਤਾ ਜਾਰੀ ਰਹੇਗੀ, ਪਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਹਲਕੀ ਮੀਂਹ ਜਾਂ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਖਾਸ ਕਰਕੇ ਰਾਜਸਥਾਨ ਦੇ ਉੱਤਰੀ ਹਿੱਸਿਆਂ ਜਿਵੇਂ ਕਿ ਹਨੂਮਾਨਗੜ੍ਹ ਅਤੇ ਗੰਗਾਨਗਰ ਵਿੱਚ ਬੱਦਲ ਛਾਉਣ ਅਤੇ ਹਲਕੀ ਬਾਰਿਸ਼ ਦੇ ਆਸਾਰ ਹਨ। ਦੂਜੇ ਪਾਸੇ ਪੂਰਬੀ ਭਾਰਤ ਵਿੱਚ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਗੜਗੜਾਹਟ ਨਾਲ ਮੱਧਮ ਮੀਂਹ ਪੈ ਸਕਦਾ ਹੈ। ਸਕਾਈਮੈਟ ਦੇ ਅਨੁਸਾਰ, ਇਨ੍ਹਾਂ ਇਲਾਕਿਆਂ ਵਿੱਚ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ, ਜਿਸ ਨਾਲ ਮੌਸਮ ਵਿੱਚ ਬਦਲਾਅ ਆਵੇਗਾ।
ਪੰਜਾਬ 'ਚ ਮੀਂਹ ਨਹੀਂ, ਤਾਪਮਾਨ 4 ਡਿਗਰੀ ਤੱਕ ਵੱਧੇਗਾ
ਮੌਸਮ ਵਿਭਾਗ ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਦਰਜ ਨਹੀਂ ਕੀਤਾ ਗਿਆ। ਮੀਂਹ ਦੀ ਗੈਰਹਾਜ਼ਰੀ ਕਰਕੇ ਗਰਮੀ ਲਗਾਤਾਰ ਵੱਧ ਰਹੀ ਹੈ। ਮਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 4°C ਤੱਕ ਵੱਧ ਸਕਦਾ ਹੈ।
ਜੰਮੂ-ਕਸ਼ਮੀਰ ਅਤੇ ਹਿਮਾਚਲ ਵਿੱਚ ਠੰਡੀ ਜਾਰੀ
ਦੱਖਣ ਭਾਰਤ ਵਿੱਚ ਤਮਿਲਨਾਡੂ ਅਤੇ ਕੇਰਲਾ ਵਿੱਚ ਹਲਕੀ ਤੋਂ ਮੱਧਮ ਮੀਂਹ ਹੋਣ ਦੀ ਉਮੀਦ ਹੈ, ਜਦਕਿ ਸਮੁੰਦਰ ਤਟ ਵਾਲੇ ਇਲਾਕਿਆਂ ਵਿੱਚ ਤਾਪਮਾਨ ਸਧਾਰਨ ਨਾਲੋਂ ਥੋੜ੍ਹਾ ਵੱਧ ਰਹੇਗਾ। ਪਹਾੜੀ ਇਲਾਕਿਆਂ ਜਿਵੇਂ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਬਰਫ਼ਬਾਰੀ ਰੁਕ ਸਕਦੀ ਹੈ, ਹਾਲਾਂਕਿ ਠੰਢ ਬਣੀ ਰਹੇਗੀ। ਕੁੱਲ ਮਿਲਾ ਕੇ, ਸੋਮਵਾਰ (24 ਮਾਰਚ, 2025) ਨੂੰ ਭਾਰਤ ਦਾ ਮੌਸਮ ਗਰਮੀ, ਉਮਸ ਅਤੇ ਮੀਂਹ ਨਾਲ ਭਰਿਆ ਹੋਇਆ ਰਹੇਗਾ।
60 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਵਿੱਚ ਤੂਫ਼ਾਨ ਦੇ ਨਾਲ ਬਿਜਲੀ ਕੜਕਣ ਦੇ ਆਸਾਰ ਜਤਾਏ ਹਨ। ਕੇਵਲ ਯੂਪੀ ਹੀ ਨਹੀਂ, ਛੱਤੀਸਗੜ੍ਹ, ਪੂਰਬੀ ਮੱਧ ਪ੍ਰਦੇਸ਼, ਵਿਦਰਭ ਅਤੇ ਸਿੱਕਮ ਵਿੱਚ ਵੀ ਬਿਜਲੀ ਕੜਕਣ ਦੀ ਸੰਭਾਵਨਾ ਜ਼ਿਆਦਾ ਹੈ। ਇਨ੍ਹਾਂ ਰਾਜਾਂ ਵਿੱਚ 60 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਉੱਤਰੀ ਭਾਰਤ ਦੇ ਪਹਾੜੀ ਰਾਜਾਂ ਵਿੱਚ ਕਈ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੋਂ ਪਾਰ ਪਹੁੰਚ ਚੁੱਕਾ ਹੈ।