ਨਵੀਂ ਦਿੱਲੀ : ਦੇਸ਼ ਵਿੱਚ ਇਨ੍ਹੀਂ ਦਿਨੀਂ ਗਰਮੀ ਰਿਕਾਰਡ ਤੋੜ ਰਹੀ ਹੈ। ਸ਼ਨੀਵਾਰ ਨੂੰ ਦੁਪਹਿਰ 12 ਵਜੇ ਦਿੱਲੀ 'ਚ ਪਾਰਾ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਦੇ ਕੁਝ ਹਿੱਸੇ ਅਜਿਹੇ ਹਨ ,ਜਿੱਥੇ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਦਿੱਲੀ, ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਲੋਕ ਭਿਆਨਕ ਗਰਮੀ ਨਾਲ ਜੂਝ ਰਹੇ ਹਨ। ਇਸ ਦੌਰਾਨ ਮੌਸਮ ਵਿਭਾਗ (IMD) ਦੇ ਡਾਇਰੈਕਟਰ ਡਾ: ਐਮ. ਮਹਾਪਾਤਰਾ ਨੇ ਦੇਸ਼ ਦੇ ਮੌਸਮ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਹੈ ਕਿ ਭਾਰਤ 'ਚ ਅਪ੍ਰੈਲ 'ਚ ਗਰਮੀ ਨੇ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।


ਮੌਸਮ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਵਿੱਚ ਉੱਤਰ ਪੱਛਮੀ ਅਤੇ ਮੱਧ ਭਾਰਤ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 35.90 ਡਿਗਰੀ ਸੈਲਸੀਅਸ ਅਤੇ 37.78 ਡਿਗਰੀ ਸੈਲਸੀਅਸ ਦੇ ਨਾਲ ਪਿਛਲੇ 122 ਸਾਲਾਂ ਵਿੱਚ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਪੱਛਮੀ-ਮੱਧ ਅਤੇ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਅਤੇ ਉੱਤਰੀ-ਪੂਰਬੀ ਭਾਰਤ ਦੇ ਉੱਤਰੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।

ਮਈ ਵਿੱਚ ਆਮ ਜਾਂ ਆਮ ਤੋਂ ਵੱਧ ਮੀਂਹ ਦੀ ਭਵਿੱਖਬਾਣੀ


ਮੌਸਮ ਵਿਭਾਗ ਨੇ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਦਾ ਕਹਿਣਾ ਹੈ ਕਿ ਮਈ ਵਿੱਚ ਉੱਤਰ-ਪੱਛਮੀ ਅਤੇ ਉੱਤਰ-ਪੂਰਬੀ ਭਾਰਤ ਦੇ ਨਾਲ-ਨਾਲ ਦੂਰ ਦੱਖਣ-ਪੂਰਬੀ ਪ੍ਰਾਇਦੀਪ ਵਿੱਚ ਵੀ ਮੀਂਹ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਖੇਤਰਾਂ ਨੂੰ ਛੱਡ ਕੇ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਜਾਂ ਆਮ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਦਿੱਲੀ ਵਿੱਚ ਅੱਜ ਆਰੇਂਜ ਅਲਰਟ


ਇਸ ਦੇ ਨਾਲ ਹੀ ਦਿੱਲੀ ਵਿੱਚ ਪਿਛਲੇ 72 ਸਾਲਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਅਪ੍ਰੈਲ ਦਾ ਮਹੀਨਾ ਇੰਨਾ ਗਰਮ ਰਿਹਾ ਹੈ, ਜਿਸ ਦੌਰਾਨ ਮਹੀਨਾਵਾਰ ਔਸਤ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਆਈਐਮਡੀ ਦੇ ਅਨੁਸਾਰ 2010 ਵਿੱਚ ਦਿੱਲੀ ਵਿੱਚ ਔਸਤ ਮਾਸਿਕ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। IMD ਨੇ ਸ਼ਨੀਵਾਰ ਨੂੰ 'ਆਰੇਂਜ' ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਦਿੱਲੀ ਦੇ ਕਈ ਹਿੱਸਿਆਂ ਵਿੱਚ ਭਿਆਨਕ ਗਰਮੀ ਦੀ ਚੇਤਾਵਨੀ ਦਿੱਤੀ ਗਈ ਹੈ।

ਐਤਵਾਰ ਨੂੰ ਮੀਂਹ ਦੀ ਸੰਭਾਵਨਾ


ਦੂਜੇ ਪਾਸੇ ਆਈਐਮਡੀ ਨੇ ਕਿਹਾ ਕਿ ਐਤਵਾਰ ਨੂੰ ਅੰਸ਼ਕ ਤੌਰ 'ਤੇ ਬੱਦਲਵਾਈ, ਹਲਕੀ ਬਾਰਿਸ਼ ਅਤੇ ਧੂੜ ਭਰੀ ਹਨੇਰੀ ਦੇ ਨਾਲ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਤੋਂ ਅਸਥਾਈ ਰਾਹਤ ਮਿਲ ਸਕਦੀ ਹੈ। ਪੱਛਮੀ ਗੜਬੜੀ ਦੇ ਪ੍ਰਭਾਵ ਹੇਠ ਸੋਮਵਾਰ ਤੋਂ ਲੂ ਦੇ ਖਤਮ ਹੋਣ ਦੀ ਸੰਭਾਵਨਾ ਹੈ, ਜਿਸ ਦੇ 1 ਮਈ ਦੀ ਰਾਤ ਤੋਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।