IMD Rainfall Alert: ਦੇਸ਼ ਦੇ ਕਈ ਸੂਬਿਆਂ 'ਚ ਇਨ੍ਹੀਂ ਦਿਨੀਂ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਉੱਤਰ ਭਾਰਤ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਿਆ ਹੈ। ਯੂਪੀ ਦੇ ਕਈ ਇਲਾਕਿਆਂ 'ਚ ਮੀਂਹ ਪਿਆ, ਜਿਸ ਕਾਰਨ ਦਿੱਲੀ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਕਈ ਥਾਵਾਂ 'ਤੇ ਬਾਰਿਸ਼ ਦੇ ਨਾਲ-ਨਾਲ ਤੂਫਾਨ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਮੁਤਾਬਕ 9 ਤੋਂ 11 ਮਾਰਚ ਤੱਕ ਯਾਨੀ ਅਗਲੇ ਦੋ ਦਿਨਾਂ ਤੱਕ ਪੂਰਬੀ ਭਾਰਤ ਦੇ ਖੇਤਰਾਂ ਵਿੱਚ ਕਈ ਥਾਵਾਂ 'ਤੇ ਮੀਂਹ ਅਤੇ ਹਨੇਰੀ ਦਸਤਕ ਦੇ ਸਕਦੀ ਹੈ। ਇਸ ਤੋਂ ਇਲਾਵਾ ਪੱਛਮੀ ਹਿਮਾਲਿਆ ਖੇਤਰ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਆਉਣ ਵਾਲੀ ਹੈ, ਜਿਸ ਕਾਰਨ 12 ਮਾਰਚ ਦੀ ਰਾਤ ਤੋਂ 14 ਮਾਰਚ ਤੱਕ ਭਾਰੀ ਮੀਂਹ ਅਤੇ ਤੂਫ਼ਾਨ ਦਾ ਦੌਰ ਚੱਲੇਗਾ। ਦੂਜੇ ਪਾਸੇ ਜੇਕਰ ਪਿਛਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਮੀਂਹ ਪਿਆ ਹੈ।


ਕਿਹੜੇ ਰਾਜਾਂ ਵਿੱਚ ਮੀਂਹ ਦੀ ਚੇਤਾਵਨੀ


ਸਮੇਂ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਉੱਤਰਾਖੰਡ, ਦੱਖਣੀ ਉੱਤਰ ਪ੍ਰਦੇਸ਼, ਉੱਤਰ ਪੂਰਬੀ ਰਾਜਸਥਾਨ, ਉੱਤਰੀ ਮੱਧ ਪ੍ਰਦੇਸ਼ ਵਿੱਚ 9 ਮਾਰਚ ਨੂੰ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ ਦਿੱਤੀ ਹੈ। ਛੱਤੀਸਗੜ੍ਹ, ਝਾਰਖੰਡ, ਗੰਗਾ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ 9-11 ਮਾਰਚ ਅਤੇ ਪੱਛਮੀ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼ ਵਿੱਚ 9-13 ਮਾਰਚ ਤੱਕ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ ਹੈ। ਇਸ ਦੇ ਨਾਲ ਹੀ ਉੱਤਰਾਖੰਡ 'ਚ ਵੀ ਕੁਝ ਥਾਵਾਂ 'ਤੇ ਤੂਫਾਨ ਆ ਸਕਦਾ ਹੈ।


ਝਾਰਖੰਡ ਵਿੱਚ ਸ਼ੁੱਕਰਵਾਰ (10 ਮਾਰਚ) ਨੂੰ ਭਾਰੀ ਮੀਂਹ ਅਤੇ ਗਰਜ਼-ਤੂਫ਼ਾਨ ਹੋ ਸਕਦਾ ਹੈ। ਪੱਛਮੀ ਗੜਬੜੀ ਦੇ ਕਾਰਨ, 12 ਤੋਂ 14 ਮਾਰਚ ਤੱਕ ਪੱਛਮੀ ਹਿਮਾਲੀਅਨ ਖੇਤਰਾਂ ਵਿੱਚ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਹੀਟ ਵੇਵ ਦਾ ਅਲਰਟ ਵੀ ਜਾਰੀ ਕੀਤਾ ਹੈ। ਆਈਐਮਡੀ ਦੇ ਅਨੁਸਾਰ, 9 ਅਤੇ 10 ਮਾਰਚ ਨੂੰ ਦੱਖਣੀ ਕੋਂਕਣ ਖੇਤਰਾਂ, ਗੋਆ ਅਤੇ ਤੱਟਵਰਤੀ ਕਰਨਾਟਕ ਵਿੱਚ ਹੀਟਵੇਵ ਦੀ ਸਥਿਤੀ ਰਹੇਗੀ, ਜਿਸ ਕਾਰਨ ਇੱਥੇ ਗਰਮੀ ਵਧੇਗੀ।