Weather Update: ਮੌਸਮ 'ਚ ਬਦਲਾਅ ਦੇ ਨਾਲ ਹੀ ਦੇਸ਼ ਦੇ ਕਈ ਹਿੱਸਿਆਂ 'ਚ ਸਰਦੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ, ਬਿਹਾਰ, ਯੂਪੀ, ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਹਲਕੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਵਿੱਚ ਪਾਰਾ 11 ਡਿਗਰੀ ਤੱਕ ਡਿੱਗ ਗਿਆ ਹੈ। ਲੋਕ ਹੁਣ ਗਰਮ ਕੱਪੜੇ ਪਾ ਕੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਚੰਡੀਗੜ੍ਹ 'ਚ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 14 ਡਿਗਰੀ ਰਿਹਾ ਤੇ ਅਗਲੇ ਕੁਝ ਦਿਨਾਂ 'ਚ ਪਾਰਾ 12 ਡਿਗਰੀ ਦੇ ਆਸ-ਪਾਸ ਡਿੱਗ ਸਕਦਾ ਹੈ।



ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਦਿੱਲੀ ਵਿੱਚ ਜਲਦੀ ਹੀ ਪਾਰਾ 10 ਡਿਗਰੀ ਤੱਕ ਪਹੁੰਚ ਜਾਵੇਗਾ। ਮੌਸਮ ਵਿਭਾਗ ਮੁਤਾਬਕ ਦਿੱਲੀ ਦਾ ਤਾਪਮਾਨ ਦੇਹਰਾਦੂਨ ਤੇ ਸ਼ਿਮਲਾ ਸਮੇਤ ਸਾਰੇ ਪਹਾੜੀ ਸ਼ਹਿਰਾਂ ਨਾਲੋਂ ਘੱਟ ਹੋ ਸਕਦਾ ਹੈ।ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਤੇ ਮੀਂਹ ਕਾਰਨ ਮੈਦਾਨੀ ਇਲਾਕਿਆਂ ਵਿੱਚ ਸਰਦੀ ਤੇਜ਼ ਹੋ ਰਹੀ ਹੈ। 



ਭਾਰਤੀ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਠੰਢ ਹੋਰ ਵਧੇਗੀ। ਆਈਐਮਡੀ ਅਨੁਸਾਰ, ਅੱਜ ਤੱਟਵਰਤੀ ਓਡੀਸ਼ਾ, ਤੱਟਵਰਤੀ ਗੰਗਾ ਪੱਛਮੀ ਬੰਗਾਲ, ਤ੍ਰਿਪੁਰਾ, ਮਣੀਪੁਰ, ਮਿਜ਼ੋਰਮ, ਤੱਟੀ ਆਂਧਰਾ ਪ੍ਰਦੇਸ਼, ਯਾਨਮ, ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਤੇ ਕੇਰਲ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।



ਮੌਸਮ ਵਿਭਾਗ ਨੇ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਰਾਜਧਾਨੀ ਵਿੱਚ ਕੱਲ੍ਹ ਵੱਧ ਤੋਂ ਵੱਧ ਤਾਪਮਾਨ 27.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 1 ਡਿਗਰੀ ਸੈਲਸੀਅਸ ਘੱਟ ਸੀ। ਘੱਟੋ-ਘੱਟ ਤਾਪਮਾਨ 10.9 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 3 ਡਿਗਰੀ ਘੱਟ ਸੀ।


ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ 18 ਨਵੰਬਰ ਨੂੰ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 28 ਡਿਗਰੀ ਸੈਲਸੀਅਸ ਸੀ। ਐਤਵਾਰ ਨੂੰ ਘੱਟੋ-ਘੱਟ ਤਾਪਮਾਨ 12 ਡਿਗਰੀ ਤੇ ਵੱਧ ਤੋਂ ਵੱਧ 27 ਡਿਗਰੀ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 20 ਨਵੰਬਰ ਨੂੰ ਪਾਰਾ ਹੋਰ ਡਿੱਗੇਗਾ ਤੇ 11 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। 23 ਨਵੰਬਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ। ਸਵੇਰ ਤੇ ਸ਼ਾਮ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ ਤੇ ਮੌਸਮ ਵਿੱਚ ਠੰਢ ਵਧੇਗੀ। 



ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਦੇ ਨਾਲ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਪੱਛਮੀ ਮੱਧ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਉੱਤਰ-ਪੱਛਮੀ ਸਮੁੰਦਰ ਵਿੱਚ 50-60 ਕਿਲੋਮੀਟਰ ਪ੍ਰਤੀ ਘੰਟਾ ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਮਾਨਾਰ ਦੀ ਖਾੜੀ ਦੇ ਨਾਲ ਲੱਗਦੇ ਤਾਮਿਲਨਾਡੂ, ਦੱਖਣ-ਪੱਛਮੀ ਬੰਗਾਲ ਦੀ ਖਾੜੀ ਤੇ ਸ਼੍ਰੀਲੰਕਾ ਦੇ ਤੱਟਾਂ 'ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅਜਿਹੇ 'ਚ ਮਛੇਰਿਆਂ ਨੂੰ ਇਨ੍ਹਾਂ ਇਲਾਕਿਆਂ 'ਚ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਮੀਂਹ ਦੇ ਨਾਲ-ਨਾਲ ਬਿਜਲੀ ਤੇ ਤੂਫਾਨ ਦੀ ਵੀ ਸੰਭਾਵਨਾ ਹੈ।