Weather Update Today: ਮੌਸਮ ਵਿਭਾਗ ਨੇ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਤੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ 12 ਤੋਂ 14 ਮਾਰਚ ਦਰਮਿਆਨ ਪੱਛਮੀ ਹਿਮਾਲੀਅਨ ਖੇਤਰ ਵਿੱਚ ਦਰਮਿਆਨੀ ਬਾਰਸ਼ ਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ।



ਦੱਸ ਦਈਏ ਕਿ ਮਾਰਚ ਦਾ ਅੱਧਾ ਮਹੀਨਾ ਬੀਤ ਚੁੱਕਾ ਹੈ ਪਰ ਉੱਤਰੀ ਭਾਰਤ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ। ਅਜੇ ਵੀ ਸਵੇਰ ਤੇ ਸ਼ਾਮ ਨੂੰ ਠੰਢ ਜਾਰੀ ਹੈ। ਜਦੋਂਕਿ ਦਿਨ ਵੇਲੇ ਗਰਮੀ ਮਹਿਸੂਸ ਹੁੰਦੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਕਿਉਂਕਿ ਦੇਸ਼ ਦੇ ਮੈਦਾਨੀ ਇਲਾਕਿਆਂ 'ਚ ਮੀਂਹ ਤੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋ ਸਕਦੀ ਹੈ। 



ਮੌਸਮ ਵਿਭਾਗ ਨੇ ਕਿਹਾ ਹੈ ਕਿ 13 ਤੇ 14 ਮਾਰਚ ਨੂੰ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਗਰਜ਼-ਤੂਫ਼ਾਨ ਦੇ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਉਪ-ਹਿਮਾਲੀਅਨ ਪੱਛਮੀ ਬੰਗਾਲ ਤੇ ਸਿੱਕਮ ਵਿੱਚ ਹਲਕੀ ਬਾਰਸ਼ ਦੀ ਸੰਭਾਵਨਾ ਹੈ।


ਦਿੱਲੀ ਦਾ ਮੌਸਮ ਵੀ ਲਗਾਤਾਰ ਬਦਲ ਰਿਹਾ ਹੈ। ਦਿੱਲੀ-ਐਨਸੀਆਰ ਵਿੱਚ ਗਰਮੀ ਮਹਿਸੂਸ ਹੋਣ ਲੱਗੀ ਹੈ। ਇਸ ਦੌਰਾਨ ਆਈਐਮਡੀ ਨੇ ਬਾਰਸ਼ ਨੂੰ ਲੈ ਕੇ ਇੱਕ ਅਪਡੇਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਆਸਮਾਨ ਸਾਫ ਰਹੇਗਾ ਤੇ ਬੁੱਧਵਾਰ ਨੂੰ ਦਿੱਲੀ 'ਚ ਕੁਝ ਥਾਵਾਂ 'ਤੇ ਹਲਕੀ ਬਾਰਸ਼ ਹੋ ਸਕਦੀ ਹੈ।


ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਆਈਐਮਡੀ ਅਨੁਸਾਰ 13 ਮਾਰਚ ਨੂੰ ਪੰਜਾਬ, ਉੱਤਰੀ ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਤੇ ਪੱਛਮੀ ਰਾਜਸਥਾਨ ਵਿੱਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।


ਇਸ ਤੋਂ ਇਲਾਵਾ ਅਗਲੇ ਕੁਝ ਦਿਨਾਂ 'ਚ ਪੱਛਮੀ ਬੰਗਾਲ, ਉੜੀਸਾ ਤੇ ਝਾਰਖੰਡ 'ਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੂਰਬੀ ਮੱਧ ਪ੍ਰਦੇਸ਼, ਪੱਛਮੀ ਮੱਧ ਪ੍ਰਦੇਸ਼, ਵਿਦਰਭ ਤੇ ਛੱਤੀਸਗੜ੍ਹ ਵਿੱਚ 16 ਤੇ 17 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਨੇ ਅਰੁਣਾਚਲ ਪ੍ਰਦੇਸ਼ ਵਿੱਚ ਹਲਕੀ ਬਾਰਸ਼ ਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 7 ਦਿਨਾਂ 'ਚ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ 'ਚ ਹਲਕੀ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ 13 ਤੋਂ 15 ਮਾਰਚ ਦੇ ਵਿਚਕਾਰ ਮਿਜ਼ੋਰਮ ਤੇ ਤ੍ਰਿਪੁਰਾ ਵਿੱਚ ਮੌਸਮ ਵਿਗੜ ਸਕਦਾ ਹੈ।