ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਉੱਤਰ ਪ੍ਰਦੇਸ਼ ਸਣੇ ਪੂਰੇ ਉੱਤਰੇ ਭਾਰਤ ‘ਚ ਠੰਡ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ‘ਚ ਜ਼ਬਰਦਸਤ ਕੋਹਰਾ ਹੈ। ਇੱਥੇ ਅੱਜ ਸਵੇਰੇ ਵਿਜ਼ੀਬਿਲਟੀ ਜ਼ੀਰੋ ਰਹੀ ਹੈ। ਉੱਧਰ ਦਿੱਲੀ ‘ਚ ਤਾਪਮਾਨ ‘ਚ ਵੀ ਭਾਰੀ ਗਿਰਾਵਟ ਦਰਜ ਨਾਲ ਤਾਪਮਾਨ ਸੱਤ ਡਿਗਰੀ ਤਕ ਪਹੁੰਚ ਗਿਆ ਹੈ। ਠੰਡ ਦਾ ਅਸਰ ਆਵਾਜਾਈ ‘ਤੇ ਵੀ ਪੈ ਰਿਹਾ ਹੈ। ਦਿੱਲੀ ‘ਚ ਕਈ ਉਡਾਣਾਂ ‘ਚ ਦੇਰੀ ਹੋ ਰਹੀ ਹੈ।

ਅੱਜ ਸਵੇਰੇ ਦਿੱਲੀ ਏਅਰਪੋਰਟ ਦੇ ਆਫੀਸ਼ੀਅਲ ਟਵਿਟਰ ਹੈਂਡਲ ‘ਤੇ ਜਾਣਕਾਰੀ ਦਿੱਤੀ ਗਈ, “ਖ਼ਰਾਬ ਮੌਸਮ ਅਤੇ ਘੱਟ ਸਟਾਫ ਕਰਕੇ ਕਈ ਉਡਾਣਾਂ ‘ਤੇ ਇਸ ਦਾ ਅਸਰ ਪਿਆ ਹੈ। ਵਧੇਰੇ ਜਾਣਕਾਰੀ ਲਈ ਯਾਤਰੀ ਏਅਰਲਾਈਨ ਨਾਲ ਸੰਪਰਕ ਕਰ ਸਕਦੇ ਹਨ”। ਦਿੱਲੀ ‘ਚ ਮੌਸਮ ਦਾ ਸਭ ਤੋਂ ਠੰਡਾ ਦਿਨ ਰਿਕਾਰਡ ਕੀਤਾ ਗਿਆ। ਜਿੱਥੇ ਤਾਪਮਾਨ 5.2 ਡਿਗਰੀ ਦਰਜ ਕੀਤਾ ਗਿਆ ਜੋ ਆਮ ਤੋਂ ਤਿੰਨ ਡਿਗਰੀ ਘੱਟ ਹੈ।

ਉਧਰ ਹਿਮਾਚਲ ਪ੍ਰਦੇਸ਼ ਦੇ ਮੌਸਮ ਵਿਭਾਗ ਮੁਤਾਬਕ 21 ਦਸੰਬਰ ਤਕ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਸ਼ ਅਤੇ ਬਰਫਬਾਰੀ ਦਾ ਖਦਸ਼ਾ ਜਤਾਇਆ ਗਿਆ ਹੈ। ਕਿਨੌਰ ਜ਼ਿਲ੍ਹੇ ਦੇ ਕਾਲਪਾ ‘ਚ ਘੱਟੋ ਘੱਟ ਤਾਪਮਾਨ 1.2 ਡਿਗਰੀ ਦਰਜ ਕੀਤਾ ਗਿਆ। ਮਨਾਲੀ ਦਾ ਤਾਪਮਾਨ ਇੱਕ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਗੁਆਂਢੀ ਸੂਬੇ ਹਰਿਆਣਾ ਦੇ ਨਾਰਨੌਲ ‘ਚ ਘੱਟੋ ਘੱਟ ਤਾਪਮਾਨ 3.5 ਡਿਗਰੀ ਤਕ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧੰਦ ਕਰਕੇ ਹਰਿਆਣਾ ਅਤੇ ਪੰਜਾਬ ‘ਚ ਕਈ ਥਾਂਵਾਂ ‘ਤੇ ਸਵੇਰੇ ਵਿਜ਼ੀਬਿਲਟੀ ਘੱਟ ਰਹੀ। ਸੂਬੇ ਦੇ ਹਿਸਾਰ ਦਾ ਤਾਪਮਾਨ 4.1 ਡਿਗਰੀ ਅਤੇ ਕਰਨਾਲ ਦਾ ਤਾਪਮਾਨ 4.6 ਡਿਗਰੀ ਦਰਜ ਕੀਤਾ ਗਿਆ।


ਪੰਜਾਬ ਦੇ ਪਟਿਆਲਾ ‘ਚ ਘੱਟੋ ਘੱਟ ਤਾਪਮਾਨ 5.5 ਡਿਗਰੀ ਸੈਲਸੀਅਲ ਦਰਜ ਕੀਤਾ ਗਿਆ ਜੋ ਆਮ ਤੋਂ ਦੋ ਡਿਗਰੀ ਘੱਟ ਹੈ। ਜਦਕਿ ਬਠਿੰਡਾ ‘ਚ ਘੱਟੋ ਘੱਟ ਤਾਪਮਾਨ 5.8 ਡਿਗਰੀ ਦਰਜ ਕੀਤਾ ਗਿਆ। ਸੂਬੇ ਦੇ ਬਾਕਿ ਸ਼ਹਿਰਾਂ ਜਿਵੇਂ ਲੁਧਿਆਣਾ ਦਾ ਤਾਪਮਾਨ 7 ਡਿਗਰੀ, ਗੁਰਦਾਸਪੁਰ 6.4 ਡਿਗਰੀ, ਹਲਵਾੜਾ 6.1 ਡਿਗਰੀ ਅਤੇ ਆਦਮਪੁਰ 6.2 ਡਿਗਰੀ ਦਰਜ ਕੀਤਾ ਗਿਆ।