ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਤੇ ਉਸ ਦੇ ਆਸਪਾਸ ਦੇ ਇਲਾਕਿਆਂ ਦੇ ਖੇਤਰਾਂ 'ਚ ਅੱਜ ਵੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਦਿੱਲੀ ਐਨਸੀਆਰ ਦੇ ਇਲਾਕੇ 'ਚ ਬੱਦਲ ਛਾਏ ਰਹਿਣਗੇ ਤੇ ਕਈ ਇਲਾਕਿਆਂ ਚ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਵੱਲੋਂ ਉੱਤਰ ਪ੍ਰਦੇਸ਼ ਦੇ 10 ਜ਼ਿਲ੍ਹਿਆਂ 'ਚ ਬਾਰਸ਼ ਨੂੰ ਲੈਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਬਾਰਸ਼ ਦੀ ਸੰਭਾਵਨਾ ਜਤਾਉਂਦਿਆਂ ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ ਤਿੰਨ ਦਿਨਾਂ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਬਾਰਸ਼ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਜਿਸ ਦੀ ਰਫ਼ਤਾਰ ਕਰੀਬ 80 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਮੌਸਮ ਵਿਭਾਗ ਦੇ ਮੁਤਾਬਕ ਬਾਰਸ਼ ਦੌਰਾਨ ਅਸਮਾਨੀ ਬਿਜਲੀ ਵੀ ਡਿੱਗ ਸਕਦੀ ਹੈ। ਮੌਸਮ ਵਿਭਾਗ ਵੱਲੋਂ ਜਿਹੜੇ ਜ਼ਿਲ੍ਹਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ ਉਨ੍ਹਾਂ 'ਚ ਕਾਨਪੁਰ, ਕੰਨੌਜ, ਗੌਤਮ ਬੁੱਧ ਨਗਰ, ਫਤਿਹਪੁਰ, ਕਾਨਪੁਰ ਦੇਹਾਤ, ਹਰਦੋਈ ਉਨਾਵ, ਅਲੀਗੜ੍ਹ, ਬਾਂਦਾ ਸ਼ਾਮਿਲ ਹਨ।
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਸ਼ ਕਾਰਨ ਜਨ-ਜੀਵਨ ਅਸਤ-ਵਿਅਸਤ ਹੋ ਗਿਆ ਹੈ। ਬਾਰਸ਼ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ ਹੈ। ਜਦਕਿ ਸੜਕਾਂ 'ਤੇ ਪਾਣੀ ਭਰਿਆ ਹੋਣ ਕਾਰਨ ਦੁਕਾਨਾਂ ਤੇ ਘਰਾਂ 'ਚ ਵੀ ਪਾਣੀ ਦਾਖਲ ਹੋ ਚੁੱਕਾ ਹੈ।
ਲੋਕਾਂ ਨੂੰ ਅਪੀਲ
ਹਾਲਾਤ ਦੇਖਦਿਆਂ ਲਖਨਊ ਦੇ ਜ਼ਿਲ੍ਹਾ ਅਧਿਕਾਰੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਘਰੋਂ ਬਾਹਰ ਨਿੱਕਲੋਂ। ਨਹੀਂ ਤਾਂ ਪਾਣੀ ਦੀ ਸਥਿਤੀ ਦੇਖਦਿਆਂ ਘਰੋਂ ਬਾਹਰ ਨਾ ਨਿੱਕਲੋ।
ਮੌਸਮ ਦੀ ਭਵਿੱਖਬਾਣੀ
ਮੌਸਮ ਵਿਭਾਗ ਦੀ ਮੰਨੀਏ ਤਾਂ ਉੱਤਰਾਖੰਡ, ਮੱਧ ਪ੍ਰਦੇਸ਼, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਮੱਧਮ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ। ਕਈ ਖੇਤਰਾਂ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਬੰਗਾਲ, ਬਿਹਾਰ ਦੇ ਕੁਝ ਹਿੱਸਿਆਂ, ਸਿੱਕਿਮ, ਛੱਤੀਸਗੜ੍ਹ ਦੇ ਕੁਝ ਹਿੱਸਿਆਂ 'ਚ ਵੀ ਹਲਕੀ ਤੇ ਮੱਧਮ ਬਾਰਸ਼ ਹੋਣ ਦੀ ਸੰਭਾਵਨਾ ਹੈ।