ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ 17 ਸਤੰਬਰ ਨੂੰ ਕਿਸਾਨਾਂ ਦੇ ਹੱਕ 'ਚ ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਾਲੇ ਦਿਵਸ ਦਾ ਐਲਾਨ ਕੀਤਾ ਸੀ। ਇਸ ਤਹਿਤ ਅਕਾਲੀ ਦਲ ਵੱਲੋਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਸੰਸਦ ਤਕ ਰੋਸ ਮਾਰਚ ਕੱਢਿਆ ਜਾਣਾ ਸੀ। ਪਰ ਅਕਾਲੀ ਦਲ ਨੂੰ ਇਸ ਰੋਸ ਮਾਰਚ ਦੀ ਇਜਾਜ਼ਤ ਨਹੀਂ ਮਿਲੀ।
ਇਸ ਦੇ ਬਾਵਜੂਦ ਅਕਾਲੀ ਦਲ ਦੇ ਕਈ ਵਰਕਰ ਦੇਰ ਰਾਤ ਦਿੱਲੀ ਪਹੁੰਚੇ। ਜਿੰਨ੍ਹਾਂ ਨੂੰ ਦਿੱਲੀ ਪੁਲਿਸ ਨੇ ਦਿੱਲੀ 'ਚ ਦਾਖਲ ਹੋਣ ਤੋਂ ਰੋਕ ਦਿੱਤਾ। ਇਹ ਵਰਕਰ ਬੱਸਾਂ ਤੋਂ ਇਲਾਵਾ ਨਿੱਜੀ ਗੱਡੀਆਂ ਲੈਕੇ ਪਹੁੰਚੇ ਸਨ। ਪਰ ਪੁਲਿਸ ਨੇ ਇਨ੍ਹਾਂ ਨੂੰ ਰਾਹ 'ਚ ਹੀ ਬੈਰੀਕੇਡਿੰਗ ਲਾਕੇ ਅੱਗੇ ਵਧਣ ਤੋਂ ਰੋਕ ਦਿੱਤਾ।
ਓਧਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਟਵੀਟ ਕਰਦਿਆਂ ਇਸ ਗੱਲ 'ਤੇ ਨਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਲਿਖਿਆ, 'ਪੁਲਿਸ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਦੇ ਆਲੇ ਦੁਆਲੇ ਬੈਰੀਕੇਡ ਬਣਾਏ ਹੋਏ ਹਨ ਤਾਂ ਜੋ ਅਕਾਲੀ ਵਰਕਰਾਂ ਨੂੰ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਇਹ ਐਮਰਜੈਂਸੀ ਤੋਂ ਬਾਅਦ ਸਭ ਤੋਂ ਮਾੜਾ ਰਵੱਈਆ ਹੈ।'
ਕੀ ਹੁਣ ਅਕਾਲੀ ਦਲ ਸੰਸਦ ਵੱਲ ਆਪਣਾ ਮਾਰਚ ਕੱਢੇਗਾ ਜਾਂ ਨਹੀਂ ਇਹ ਅੱਜ ਦਾ ਸੂਰਜ ਚੜ੍ਹਨ ਦੇ ਨਾਲ ਹੀ ਸਪਸ਼ਟ ਹੋ ਜਾਵੇਗਾ। ਹਾਲਾਂਕਿ ਅਕਾਲੀ ਦਲ ਨੂੰ ਪਹਿਲਾਂ ਹੀ ਇਸ ਮਾਰਚ ਲਈ ਇਜਾਜ਼ਤ ਨਹੀਂ ਮਿਲੀ। ਪਰ ਇਸ ਦੇ ਬਾਵਜੂਦ ਵਰਕਰ ਦਿੱਲੀ ਪਹੁੰਚੇ। ਹਾਲਾਂਕਿ ਉਨ੍ਹਾਂ ਵਰਕਰਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਸ ਲਈ ਇਜਾਜ਼ਤ ਨਹੀਂ ਮਿਲੀ।