ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਤਾਪਮਾਨ 44.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਪਾਰਾ 44.6 ਡਿਗਰੀ ਪਹੁੰਚ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 72 ਘੰਟਿਆਂ ਅੰਦਰ ਤਾਪਮਾਨ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਹੀਂ ਹਨ ਸਗੋਂ ਤਾਪਮਾਨ ਹੋਰ ਵਧ ਸਕਦਾ ਹੈ। 2 ਜੂਨ ਤਕ ਲੂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਰਾਤ ਦੇ ਤਾਪਮਾਨ ਵਿੱਚ ਵੀ ਵਾਧਾ ਹੋ ਰਿਹਾ ਹੈ।
ਮੌਸਮ ਵਿਭਾਗ ਮੁਤਾਬਕ 3-4 ਜੂਨ ਨੂੰ ਵਧੇ ਤਾਪਮਾਨ ਤੋਂ ਥੋੜੀ ਰਾਹਤ ਮਿਲ ਸਕਦੀ ਹੈ। ਹਵਾਵਾਂ ਦੀ ਦਿਸ਼ਾ ਬਦਲਣ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਪ੍ਰਾਈਵੇਟ ਏਜੰਸੀ ਸਕਾਈਮੈਟ ਮੁਤਾਬਕ ਅਗਲੇ 72 ਘੰਟੇ ਪੂਰੇ ਚੰਡੀਗੜ੍ਹ ਵਿੱਚ ਗਰਮੀ ਤੇ ਲੂ ਦੀ ਸਥਿਤੀ ਜਾਰੀ ਰਹੇਗੀ। ਇਸ ਤੋਂ ਬਾਅਦ ਥੋੜੀ ਰਾਹਤ ਮਿਲੇਗੀ ਪਰ ਜੂਨ ਦੇ ਦੂਜੇ ਹਫ਼ਤੇ ਤਕ ਲੂ ਜਾਰੀ ਰਹੇਗੀ।
ਇਸ ਵਾਰ ਮਾਨਸੂਨ 6 ਤੋਂ 7 ਦਿਨਾਂ ਦੀ ਦੇਰੀ ਨਾਲ ਆ ਰਿਹਾ ਹੈ। ਖ਼ਬਰਾਂ ਮੁਤਾਬਕ ਮਾਨਸੂਨ 6 ਜੂਨ ਦੇ ਆਸਪਾਸ ਕੇਰਲ ਪਹੁੰਚੇਗਾ। ਚੰਡੀਗੜ੍ਹ ਵਿੱਚ ਮਾਨਸੂਨ ਦੀ ਐਂਟਰੀ 28 ਜੂਨ ਤੋਂ 2 ਜੁਲਾਈ ਵਿਚਾਲੇ ਹੁੰਦੀ। ਹਾਲਾਂਕਿ 15 ਜੂਨ ਦੇ ਆਸਪਾਸ ਇਸ ਸਥਿਤੀ ਬਾਰੇ ਪਤਾ ਚੱਲ ਸਕੇਗਾ। ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਵਾਰ 99 ਫੀਸਦੀ ਮਾਨਸੂਨ ਆਮ ਰਹੇਗਾ।