ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ 19 ਮਈ ਨੂੰ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਹੋਣ ਵਾਲੀਆਂ ਵੋਟਾਂ ਵਿੱਚ ਕਿਸੇ ਕਿਸਮ ਦੀ ਗੜਬੜੀ ਨਾਲ ਨਜਿੱਠਣ ਲਈ webcasting ਜ਼ਰੀਏ ਦਿੱਲੀ ਤੋਂ ਬਾਜ਼ ਨਜ਼ਰ ਰੱਖੇਗਾ। ਲਗਪਗ ਅੱਧੇ ਬੂਥਾਂ 'ਤੇ ਕੈਮਰਿਆਂ ਜ਼ਰੀਏ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਲਾਈਵ ਟੈਲੀਕਾਸਟ ਹੋਏਗਾ। ਇਸ ਨੂੰ ਦੇਖਣ ਦੀ ਸੁਵਿਧਾ ਰਿਟਰਨਿੰਗ ਅਫ਼ਸਰ, ਜ਼ਿਲ੍ਹਾ ਚੋਣ ਅਫ਼ਸਰ ਤੇ ਸੂਬਾ ਚੋਣ ਅਫ਼ਸਰ ਦੇ ਨਾਲ-ਨਾਲ ਚੋਣ ਕਮਿਸ਼ਨ ਕੋਲ ਵੀ ਰਹੇਗੀ।

ਜਲੰਧਰ ਲੋਕ ਸਭਾ ਸੀਟ 'ਤੇ ਲਗਪਗ 950 ਬੂਥਾਂ 'ਤੇ ਵੈੱਬਕਾਸਟਿੰਗ ਹੋਏਗੀ। ਇਸ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਕਿ ਕਿਨ੍ਹਾਂ-ਕਿਨ੍ਹਾਂ ਬੂਥਾਂ ਦੀ ਵੈੱਬਕਾਸਟਿੰਗ ਕੀਤੀ ਜਾਏਗੀ। ਬਾਕੀ ਬੂਥਾਂ 'ਤੇ ਚੋਣ ਕਮਿਸ਼ਨ ਕੇਂਦਰੀ ਸੁਰੱਖਿਆ ਬਲਾਂ, ਕੇਂਦਰ ਸਰਕਾਰ ਦੇ ਮਹਿਕਮੇ ਦੇ ਵਰਕਰਾਂ ਤੇ ਵੀਡੀਓਗ੍ਰਾਫੀ ਜ਼ਰੀਏ ਨਿਰਪੱਖ ਤੇ ਸ਼ਾਂਤੀਪੂਰਨ ਵੋਟਾਂ ਯਕੀਨੀ ਬਣਾਏਗਾ।

ਚੋਣ ਕਮਿਸ਼ਨ ਨੇ ਸੂਬੇ ਦੇ ਮੁੱਖ ਚੋਣ ਅਫ਼ਸਰ ਜ਼ਰੀਏ ਪੰਜਾਬ ਵਿੱਚ ਕੰਪਨੀ ਹਾਇਰ ਕੀਤੀ ਹੈ ਜੋ ਚੁਣੇ ਹੋਏ ਬੂਥਾਂ ਅੰਦਰ ਕੈਮਰੇ ਲਾਏਗੀ। ਇਸ ਦੇ ਜ਼ਰੀਏ ਚੋਣ ਕਰਮਚਾਰੀਆਂ ਤੇ ਵੋਟ ਪਾਉਣ ਆਉਣ ਵਾਲੇ ਵੋਟਰਾਂ ਨੂੰ ਵੇਖਿਆ ਜਾ ਸਕੇਗਾ। ਹਾਲਾਂਕਿ ਇਹ ਕੈਮਰੇ EVM ਵੱਲ ਫੋਕਸ ਨਹੀਂ ਹੋਣਗੇ ਤਾਂਕਿ ਵੋਟਰ ਦੀ ਗੋਪਨੀਅਤਾ ਬਰਕਰਾਰ ਰੱਖੀ ਜਾ ਸਕੇ। ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਇਸ ਦਾ ਲਾਈਵ ਟੈਲੀਕਾਸਟ ਹੋਏਗਾ।