ਚੰਡੀਗੜ੍ਹ: ਪੱਛਮ ਬੰਗਾਲ ਵਿੱਚ ਹੜਤਾਲ ਕਰ ਰਹੇ ਡਾਕਟਰਾਂ ਨੇ ਸੋਮਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਦੇ ਬਾਅਦ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ। ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਨਵੇਂ ਸੁਰੱਖਿਆ ਉਪਾਅ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਤੇ ਅੰਦੋਲਨ ਕਰ ਰਹੇ ਜੂਨੀਅਰ ਡਾਕਟਰਾਂ ਵਿਚਾਲੇ ਰਾਜ ਸਕੱਤਰੇਤ ਵਿੱਚ ਬੈਠਕ ਹੋਈ।
ਜੂਨੀਅਰ ਡਾਕਟਰਾਂ ਨੇ ਮੈਡੀਕਲ ਕਾਲਜਾਂ ਤੇ ਹਲਪਤਾਲਾਂ ਵਿੱਚ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦੱਸੀਆਂ। ਪੱਛਮ ਬੰਗਾਲ ਦੇ ਸਿਹਤ ਸਕੱਤਰ, ਰਾਜ ਮੰਤਰੀ ਤੇ ਹੋਰ ਅਧਿਕਾਰੀਆਂ ਤੇ 31 ਜੂਨੀਅਰ ਡਾਕਟਰਾਂ ਨੇ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਬੈਠਕ ਦੇ ਬਾਅਦ ਸੀਐਮ ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਹਸਪਤਾਲਾਂ ਵਿੱਚ ਸੁਰੱਖਿਆ ਦਾ ਭਰੋਸਾ ਦਿੱਤਾ ਹੈ।
CM ਮਮਤਾ ਬੈਨਰਜੀ ਨੇ ਕਿਹਾ ਕਿ ਹਸਪਤਾਲਾਂ ਵਿੱਚ ਸੁਰੱਖਿਆ ਵਿਵਸਥਾ ਵਧਾਈ ਜਾਏਗੀ। ਹਸਪਤਾਲਾਂ ਵਿੱਚ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਕਿਸੇ ਵੀ ਡਾਕਟਰ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ। ਇਸ ਦੌਰਾਨ ਸਿਰਫ ਦੋ ਖੇਤਰੀ ਨਿਊਜ਼ ਚੈਨਲਾਂ ਨੂੰ ਰਾਜ ਸਕੱਤਰੇਤ ਵਿੱਚ ਬੈਨਰਜੀ ਤੇ ਜੂਨੀਅਰ ਡਾਕਟਰਾਂ ਵਿਚਾਲੇ ਹੋਈ ਬੈਠਕ ਨੂੰ ਕਵਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।