Sandeshkhali Case: ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਾਲੀ ਵਿੱਚ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ। ਸੰਦੇਸ਼ਖਾਲੀ 'ਚ ਔਰਤਾਂ 'ਤੇ ਜਿਨਸੀ ਹਿੰਸਾ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਸੜਕਾਂ 'ਤੇ ਉਤਰੀ ਹੋਈ ਹੈ।


ਮੰਗਲਵਾਰ (20 ਫਰਵਰੀ) ਨੂੰ ਭਾਜਪਾ ਦੇ ਕਈ ਵਿਧਾਇਕ ਸੰਦੇਸ਼ਖਾਲੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਭਾਜਪਾ ਵਿਧਾਇਕਾਂ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਬਹਿਸ ਹੋਈ। ਭਾਜਪਾ ਵਿਧਾਇਕਾਂ ਨੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਖ਼ਾਲਿਸਤਾਨੀ ਕਿਹਾ, ਜਿਸ ਤੋਂ ਬਾਅਦ ਮੀਡੀਆ ਦੇ ਸਾਹਮਣੇ ਦੋਵਾਂ ਧਿਰਾਂ ਵਿਚਾਲੇ ਕਾਫੀ ਬਹਿਸ ਹੋਈ।




ਕਾਂਗਰਸ ਨੇ ਸ਼ੇਅਰ ਕੀਤੀ ਵੀਡੀਓ


ਕਾਂਗਰਸ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਵੀਡੀਓ ਸ਼ੇਅਰ ਕਰਦਿਆਂ ਹੋਇਆਂ ਲਿਖਿਆ, "ਤੁਸੀਂ ਮੈਨੂੰ ਖ਼ਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨ੍ਹੀ ਹੋਈ ਹਾਂ। ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਇਹ ਗੱਲ ਕਹੀ। ਭਾਜਪਾ ਦੇ ਲੋਕਾਂ ਦਾ ਘਟੀਆ ਵਤੀਰਾ ਦੇਖੋ। ਰਾਤ ਨੂੰ ਦੇਸ਼ ਦੀ ਸੇਵਾ ਕਰਨ ਵਾਲੇ ਪੁਲਿਸ ਅਫ਼ਸਰ ਨੂੰ ਖਾਲਿਸਤਾਨੀ ਕਹਿ ਦਿੱਤਾ ਕਿਉਂਕਿ ਉਸ ਨੇ ਪੱਗ ਬੰਨ੍ਹੀ ਹੋਈ ਹੈ, ਇਹ ਬਹੁਤ ਹੀ ਘਟੀਆ ਮਾਨਸਿਕਤਾ ਹੈ।''


ਇਹ ਵੀ ਪੜ੍ਹੋ: Pakistan News: ‘ਚੰਗਾ ਹੁੰਦਾ ਜੇ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਦਾ ਸਿਰ ਕਲਮ ਕਰ ਦਿੰਦੇ'


‘ਪੱਗ ਬੰਨ੍ਹੀ ਹੋਈ ਹੈ ਤਾਂ ਮੈਨੂੰ ਖ਼ਾਲਿਸਤਾਨੀ ਕਹਿ ਰਹੇ ਹਨ’


ਇਸ ਵੀਡੀਓ ਵਿੱਚ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੂੰ ਇਹ ਕਹਿੰਦਿਆਂ ਹੋਏ ਸੁਣਿਆ ਜਾ ਰਿਹਾ ਹੈ, 'ਤੁਸੀਂ ਮੈਨੂੰ ਖ਼ਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨ੍ਹੀ ਹੋਈ ਹਾਂ। ਕੀ ਇਹ ਤੁਹਾਡੀ ਹਿੰਮਤ ਹੈ? ਜੇਕਰ ਕੋਈ ਪੁਲਿਸ ਮੁਲਾਜ਼ਮ ਪੱਗ ਬੰਨ ਕੇ ਡਿਊਟੀ ਕਰਦਾ ਹੈ ਤਾਂ ਉਹ ਖ਼ਾਲਿਸਤਾਨੀ ਬਣ ਜਾਂਦਾ ਹੈ? ਕੀ ਇਹ ਤੁਹਾਡਾ ਪੱਧਰ ਹੈ?' ਆਈਪੀਐਸ ਅਧਿਕਾਰੀ ਸਿੰਘ ਨੂੰ ਪੱਛਮੀ ਬੰਗਾਲ ਦੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਅਤੇ ਭਾਜਪਾ ਦੇ ਹੋਰ ਵਿਧਾਇਕਾਂ ਨੂੰ ਇਹ ਸਭ ਕਹਿੰਦਿਆਂ ਸੁਣਿਆ ਗਿਆ।


ਮੇਰੇ ਧਰਮ ਬਾਰੇ ਨਹੀਂ ਬੋਲ ਸਕਦੇ- IPS ਜਸਪ੍ਰੀਤ ਸਿੰਘ


ਵਾਇਰਲ ਵੀਡੀਓ 'ਚ IPS ਅਫ਼ਸਰ ਨੇ ਕਿਹਾ ਕਿ ਤੁਸੀਂ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ, ਮੈਂ ਤੁਹਾਡੇ 'ਤੇ ਕੇਸ ਦਰਜ ਕਰਾਂਗਾ। ਉਨ੍ਹਾਂ ਨੂੰ ਇਹ ਕਹਿੰਦਿਆਂ ਹੋਇਆਂ ਸੁਣਿਆ ਗਿਆ ਕਿ ਜੇਕਰ ਮੈਂ ਤੁਹਾਡੇ ਧਰਮ ਬਾਰੇ ਨਹੀਂ ਬੋਲਿਆ ਤਾਂ ਤੁਸੀਂ ਮੇਰੇ ਧਰਮ ਬਾਰੇ ਕਿਵੇਂ ਬੋਲ ਸਕਦੇ ਹੋ। ਤੁਸੀਂ ਪੱਗ ਬੰਨ੍ਹਣ ਵਾਲੇ ਅਤੇ ਆਪਣੀ ਡਿਊਟੀ ਕਰ ਰਹੇ ਪੁਲਿਸ ਅਫ਼ਸਰ ਨੂੰ ਖ਼ਾਲਿਸਤਾਨੀ ਕਹਿ ਰਹੇ ਹੋ।


ਇਹ ਵੀ ਪੜ੍ਹੋ: Punjab news: ਕਾਲਾ ਧਨੌਲਾ ਦਾ ਪਰਿਵਾਰ ਐਨਕਾਊਂਟਰ ਮਾਮਲੇ 'ਚ ਆਇਆ ਮੀਡੀਆ ਦੇ ਸਾਹਮਣੇ, ਕੀਤੇ ਕਈ ਖੁਲਾਸੇ