ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਸਭ ਕੁਝ ਠੀਕ ਨਹੀਂ ਹੈ। ਉੱਥੋਂ ਦੀ ਅਸਲ ਤਸਵੀਰ ਸਰਕਾਰ ਬਾਹਰ ਨਹੀਂ ਆਉਣ ਦੇਣਾ ਚਾਹੁੰਦੀ। ਇਹ ਦਾਅਵਾ ਸ੍ਰੀਨਗਰ ਦੇ ਹਵਾਈ ਅੱਡੇ ਤੋਂ ਵਾਪਸ ਮੋੜੇ ਕਾਂਗਰਸ ਸਣੇ ਸਿਆਸੀ ਪਾਰਟੀਆਂ ਦੇ 11 ਮੈਂਬਰੀ ਵਫਦ ਨੇ ਲਾਇਆ ਹੈ।
ਵਫਦ ਨਾਲ ਗਏ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਨੇ ਸੱਦਾ ਦਿੱਤਾ ਸੀ। ਰਾਜਪਾਲ ਨੇ ਖੁਦ ਸੱਦਿਆ ਸੀ। ਹੁਣ ਮੈਂ ਆਇਆ ਹਾਂ ਤਾਂ ਉਹ ਕਹਿ ਰਹੇ ਹਨ ਕਿ ਤੁਸੀਂ ਵਾਪਸ ਜਾਓ। ਸਰਕਾਰ ਕਹਿ ਰਹੀ ਹੈ ਇੱਥੇ ਸਭ ਕੁਝ ਠੀਕ ਹੈ। ਜੇਕਰ ਇੱਥੇ ਸਭ ਕੁਝ ਠੀਕ ਹੈ ਤਾਂ ਸਾਨੂੰ ਇੱਥੇ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ। ਇਹ ਹੈਰਾਨ ਕਰਨ ਵਾਲੀ ਗੱਲ ਹੈ।
ਦਰਅਸਲ ਰਾਹੁਲ ਗਾਂਧੀ ਸਣੇ ਵਿਰੋਧੀ ਧਿਰਾਂ ਦੇ 11 ਮੈਂਬਰੀ ਵਫ਼ਦ ਨੂੰ ਸ਼ਨੀਵਾਰ ਸ੍ਰੀਨਗਰ ਦੇ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਸੀ। ਇਸ ਵਫ਼ਦ ਵਿੱਚ ਅੱਠ ਸਿਆਸੀ ਪਾਰਟੀਆਂ ਕਾਂਗਰਸ, ਸੀਪੀਆਈ (ਐਮ), ਸੀਪੀਆਈ, ਡੀਐਮਕੇ, ਐਨਸੀਪੀ, ਜੇਡੀ (ਐਸ) ਆਰਜੇਡੀ ਤੇ ਟੀਐਮਸੀ ਸ਼ਾਮਲ ਸਨ। ਇਸ ਮੌਕੇ ਸੁਰੱਖਿਆ ਏਜੰਸੀਆਂ ਨੇ ਮੀਡੀਆ ਨਾਲ ਵੀ ਧੱਕਾਮੁੱਕੀ ਕੀਤੀ। ਇਸ ਕਰਕੇ ਹੁਣ ਸਵਾਲ ਉੱਠ ਰਹੇ ਹਨ ਕਿ ਸਰਕਾਰ ਕਸ਼ਮੀਰ ਦਾ ਸੱਚ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀ।
ਵਫ਼ਦ ਦੇ ਲੀਡਰਾਂ ਦਾ ਕਹਿਣਾ ਹੈ ਕਿ ਉਹ ਜੰਮੂ-ਕਸ਼ਮੀਰ ਦਾ ਦੌਰਾ ਕਰਕੇ ਸੂਬੇ ਦੇ ਲੋਕਾਂ ਕੋਲੋਂ ਉੱਥੋਂ ਦੀ ਜ਼ਮੀਨੀ ਹਕੀਕਤ ਦਾ ਪਤਾ ਲਾਉਣਾ ਚਾਹੁੰਦੇ ਸੀ ਪਰ ਦੇਸ਼ ਦੀਆਂ ਨਾਮੀ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਕਸ਼ਮੀਰ ਅੰਦਰ ਦਾਖਲ ਨਾ ਹੋਣ ਦੇਣਾ ਉਨ੍ਹਾਂ ਦੇ ਸਿਆਸੀ ਹੱਕਾਂ ’ਤੇ ਹਮਲਾ ਹੈ। ਉਨ੍ਹਾਂ ਨਾਲ ਹੀ ਪੁਲਿਸ ’ਤੇ ਹਵਾਈ ਅੱਡੇ ’ਤੇ ਮੀਡੀਆ ਨਾਲ ਬਦਸਲੂਕੀ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਕਸ਼ਮੀਰ ਵਿੱਚ ਹਾਲਾਤ ਆਮ ਵਰਗੇ ਹਨ ਤਾਂ ਸਿਆਸੀ ਆਗੂਆਂ ਨੂੰ ਲੋਕਾਂ ਨੂੰ ਮਿਲਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ।
ਵਫਦ ਦੇ ਲੀਡਰਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਸਰਕਾਰ ਝੂਠ ਬੋਲ ਰਹੀ ਹੈ। ਜੰਮੂ ਕਸ਼ਮੀਰ ’ਚ ਹਾਲਾਤ ਆਮ ਨਹੀਂ। ਇਸੇ ਲਈ ਉਨ੍ਹਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ। ਦੂਜੇ ਪਾਸੇ ਸਰਕਾਰ ਦੇ ਦਾਅਵਾ ਹੈ ਕਿ ਉਨ੍ਹਾਂ ਦੀ ਪਹਿਲ ਸੂਬੇ ਅੰਦਰ ਅਮਨ-ਕਾਨੂੰਨ ਤੇ ਸੁਰੱਖਿਆ ਦੀ ਸਥਿਤੀ ਬਣਾਏ ਰੱਖਣਾ ਹੈ। ਇਸ ਲਈ ਵਫ਼ਦ ਨੂੰ ਕਸ਼ਮੀਰ ਦਾ ਦੌਰਾ ਨਾ ਕਰਨ ਲਈ ਕਿਹਾ ਗਿਆ ਸੀ।
ਸਰਕਾਰ ਨੇ ਢੱਕੀ ਜੰਮੂ-ਕਸ਼ਮੀਰ ਦੀ ਅਸਲ ਤਸਵੀਰ!
ਏਬੀਪੀ ਸਾਂਝਾ
Updated at:
25 Aug 2019 03:05 PM (IST)
ਜੰਮੂ-ਕਸ਼ਮੀਰ ਵਿੱਚ ਸਭ ਕੁਝ ਠੀਕ ਨਹੀਂ ਹੈ। ਉੱਥੋਂ ਦੀ ਅਸਲ ਤਸਵੀਰ ਸਰਕਾਰ ਬਾਹਰ ਨਹੀਂ ਆਉਣ ਦੇਣਾ ਚਾਹੁੰਦੀ। ਇਹ ਦਾਅਵਾ ਸ੍ਰੀਨਗਰ ਦੇ ਹਵਾਈ ਅੱਡੇ ਤੋਂ ਵਾਪਸ ਮੋੜੇ ਕਾਂਗਰਸ ਸਣੇ ਸਿਆਸੀ ਪਾਰਟੀਆਂ ਦੇ 11 ਮੈਂਬਰੀ ਵਫਦ ਨੇ ਲਾਇਆ ਹੈ।
- - - - - - - - - Advertisement - - - - - - - - -