Wheat Price: ਦੇਸ਼ ਵਿੱਚ ਮਹਿੰਗਾਈ ਕਾਰਨ ਆਮ ਲੋਕ ਪ੍ਰੇਸ਼ਾਨ ਹਨ। ਚੌਲਾਂ ਤੇ ਦਾਲਾਂ ਤੋਂ ਬਾਅਦ ਹੁਣ ਕਣਕ ਵੀ ਮਹਿੰਗੀ ਹੋ ਗਈ ਹੈ। ਇਸ ਦਾ ਅਸਰ ਪ੍ਰਚੂਨ ਬਾਜ਼ਾਰ 'ਤੇ ਵੀ ਪਿਆ ਹੈ। ਕਣਕ ਦੇ ਭਾਅ ਵਧਣ ਕਾਰਨ ਆਟੇ ਦੇ ਭਾਅ ਵੀ ਵਧ ਗਏ ਹਨ। ਇਸ ਕਾਰਨ ਗਰੀਬਾਂ ਦੀ ਥਾਲੀ ਵਿੱਚੋਂ ਦਾਲ ਤੋਂ ਬਾਅਦ ਰੋਟੀ ਵੀ ਗਾਇਬ ਹੋ ਗਈ ਹੈ ਪਰ ਜਲਦੀ ਹੀ ਆਮ ਲੋਕਾਂ ਨੂੰ ਇਸ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਹੈ। ਕੇਂਦਰ ਸਰਕਾਰ ਨੇ ਕਣਕ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਵੱਡੀ ਯੋਜਨਾ ਬਣਾਈ ਹੈ।


ਹਾਸਲ ਜਾਣਕਾਰੀ ਮੁਤਾਬਕ ਕਣਕ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਜਲਦ ਹੀ ਇੰਪੋਰਟ ਡਿਊਟੀ ਘਟਾ ਸਕਦੀ ਹੈ। ਸਰਕਾਰ ਨੇ ਇਸ ਸਬੰਧੀ ਆਪਣੀ ਸਹਿਮਤੀ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ ਦੋ-ਤਿੰਨ ਦਿਨਾਂ 'ਚ ਸਰਕਾਰ ਵੱਲੋਂ ਦਰਾਮਦ ਡਿਊਟੀ ਘਟਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਉਮੀਦ ਹੈ ਕਿ ਦਰਾਮਦ ਡਿਊਟੀ ਘਟਾਉਣ ਨਾਲ ਕਣਕ ਦੀਆਂ ਉੱਚੀਆਂ ਕੀਮਤਾਂ ਹੇਠਾਂ ਆ ਜਾਣਗੀਆਂ। ਇਸ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।


 



ਦਰਅਸਲ ਪਿਛਲੇ 6 ਮਹੀਨਿਆਂ ਤੋਂ ਪ੍ਰਚੂਨ ਮੰਡੀ 'ਚ ਕਣਕ ਦਾ ਰੇਟ ਸਿਖਰਾਂ 'ਤੇ ਪਹੁੰਚ ਗਿਆ ਹੈ। ਖਾਸ ਤੌਰ 'ਤੇ ਜੂਨ ਤੋਂ ਜੁਲਾਈ ਵਿਚਾਲੇ ਇਸ ਦੀਆਂ ਕੀਮਤਾਂ 'ਚ 2.2 ਫੀਸਦੀ ਦਾ ਵਾਧਾ ਹੋਇਆ ਹੈ। ਅਜਿਹੇ 'ਚ ਸਰਕਾਰ ਮਹਿਸੂਸ ਕਰ ਰਹੀ ਹੈ ਕਿ ਇੰਪੋਰਟ ਡਿਊਟੀ ਹਟਾ ਕੇ ਮਹਿੰਗਾਈ 'ਤੇ ਕਾਬੂ ਪਾਇਆ ਜਾ ਸਕਦਾ ਹੈ। 


ਇਸ ਸਮੇਂ ਕਣਕ 'ਤੇ 40 ਫੀਸਦੀ ਦਰਾਮਦ ਡਿਊਟੀ ਲਗਾਈ ਜਾਂਦੀ ਹੈ ਪਰ ਸਰਕਾਰ ਦਰਾਮਦ ਡਿਊਟੀ ਘਟਾਉਣ ਦੀ ਬਜਾਏ ਇਸ ਨੂੰ ਪੂਰੀ ਤਰ੍ਹਾਂ ਖਤਮ ਵੀ ਕਰ ਸਕਦੀ ਹੈ। ਇਸ ਨਾਲ ਕੀਮਤਾਂ ਕੁਝ ਹੱਦ ਤੱਕ ਹੇਠਾਂ ਆ ਸਕਦੀਆਂ ਹਨ। ਖਾਸ ਗੱਲ ਇਹ ਹੈ ਕਿ ਕਣਕ 'ਤੇ ਦਰਾਮਦ ਡਿਊਟੀ ਘਟਾਉਣ ਜਾਂ ਖਤਮ ਕਰਨ ਨਾਲ ਤੱਟਵਰਤੀ ਰਾਜਾਂ ਨੂੰ ਕਾਫੀ ਫਾਇਦਾ ਮਿਲੇਗਾ।


ਦੱਸ ਦੇਈਏ ਕਿ ਮਹਿੰਗਾਈ ਦਾ ਇਹ ਹਾਲ ਹੈ ਕਿ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਮੰਗਲਵਾਰ ਨੂੰ ਕਣਕ ਦੀ ਕੀਮਤ 25,440 ਰੁਪਏ ਨੂੰ ਪਾਰ ਕਰ ਗਈ। ਇਸ ਦੀਆਂ ਕੀਮਤਾਂ 1.5 ਫੀਸਦੀ ਵਧ ਕੇ 25,446 ਰੁਪਏ ਪ੍ਰਤੀ ਮੀਟ੍ਰਿਕ ਟਨ ਹੋ ਗਈਆਂ। ਖਾਸ ਗੱਲ ਇਹ ਹੈ ਕਿ ਪਿਛਲੇ ਚਾਰ ਮਹੀਨਿਆਂ 'ਚ ਕੀਮਤਾਂ 'ਚ ਕਰੀਬ 18 ਫੀਸਦੀ ਦਾ ਵਾਧਾ ਹੋਇਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।