PM Modi Lok Sabha Speech: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ (8 ਫ਼ਰਵਰੀ) ਨੂੰ ਲੋਕ ਸਭਾ 'ਚ ਵਿਰੋਧੀ ਧਿਰ 'ਤੇ ਰੱਜ ਕੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਰਾਹੁਲ ਗਾਂਧੀ ਦਾ ਨਾਂਅ ਲਏ ਬਗੈਰ ਉਨ੍ਹਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂ.ਪੀ.ਏ. ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸਿਰਫ਼ ਭ੍ਰਿਸ਼ਟਾਚਾਰ ਹੋਇਆ। ਇਸ ਦੇ ਨਾਲ ਹੀ ਐਨਡੀਏ ਦੇ ਕਾਰਜਕਾਲ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, "2030 ਦਾ ਦਹਾਕਾ ਹੁਣ 'ਭਾਰਤ ਦੇ ਦਹਾਕੇ' ਵਜੋਂ ਜਾਣਿਆ ਜਾਵੇਗਾ।" ਲੋਕ ਸਭਾ 'ਚ ਪੀਐਮ ਮੋਦੀ ਨੇ ਟਾਈਗਰ ਅਤੇ ਬੰਦੂਕ ਦੇ ਲਾਇਸੈਂਸ ਦੀ ਕਹਾਣੀ ਵੀ ਸੁਣਾਈ।
ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਇਸੈਂਸ ਰਾਜ 'ਤੇ ਤੰਜ਼ ਕਸਿਆ ਅਤੇ ਜੰਗਲ 'ਚ ਸ਼ੇਰ ਦੀ ਕਹਾਣੀ ਸੁਣਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਾਰ 2 ਨੌਜਵਾਨ ਜੰਗਲ 'ਚ ਸ਼ਿਕਾਰ ਕਰਨ ਜਾਂਦੇ ਹਨ। ਕੁਝ ਦੇਰ ਬਾਅਦ ਉਹ ਆਪਣੀ ਕਾਰ ਨੂੰ ਇੱਕ ਥਾਂ ਰੋਕ ਲੈਂਦੇ ਹਨ ਅਤੇ ਬੰਦੂਕ ਰੱਖ ਕੇ ਸੋਚਦੇ ਹਨ ਕਿ ਥੋੜੀ ਸੈਰ ਕਰ ਲਈਏ ਅਤੇ ਆਪਣੇ ਹੱਥਾਂ-ਪੈਰਾਂ ਨੂੰ ਸਿੱਧਾ ਕਰ ਲਿਆ ਜਾਵੇ।
'ਸ਼ੇਰ ਨੂੰ ਦਿਖਾਉਣ ਲੱਗੇ ਬੰਦੂਕ ਦਾ ਲਾਇਸੈਂਸ'
ਪੀਐਮ ਨੇ ਅੱਗੇ ਕਿਹਾ, "... ਦੋਵੇਂ ਸੋਚਦੇ ਹਨ ਕਿ ਆਰਾਮ ਕਰਨ ਤੋਂ ਬਾਅਦ ਉਹ ਸ਼ੇਰ ਦਾ ਸ਼ਿਕਾਰ ਕਰਨਗੇ। ਅਜੇ ਉਹ ਸੈਰ ਕਰਨ ਲਈ ਨਿਕਲੇ ਹੀ ਸਨ ਕਿ ਅਚਾਨਕ ਉਨ੍ਹਾਂ ਦੇ ਸਾਹਮਣੇ ਸ਼ੇਰ ਆ ਗਿਆ। ਫਿਰ ਉਹ ਸੋਚਦੇ ਹਨ ਕਿ ਹੁਣ ਕੀ ਕੀਤਾ ਜਾਵੇ? ਫਿਰ ਸ਼ੇਰ ਨੂੰ ਹੀ ਬੰਦੂਕ ਦਾ ਲਾਇਸੈਂਸ ਦਿਖਾਉਣਾ ਸ਼ੁਰੂ ਕਰ ਦਿੰਦੇ ਹਨ... ਇਹੀ ਕੰਮ ਪਿਛਲੀਆਂ ਸਰਕਾਰਾਂ ਨੇ ਬੇਰੁਜ਼ਗਾਰੀ ਦੂਰ ਕਰਨ ਲਈ ਕੀਤਾ ਸੀ।"
'ਘੁਟਾਲਿਆਂ ਦਾ ਦਹਾਕਾ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀਏ ਦੇ 10 ਸਾਲ ਦੇ ਕਾਰਜਕਾਲ ਨੂੰ ਲੈ ਕੇ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ, "2004 ਤੋਂ 2014 ਆਜ਼ਾਦੀ ਦੇ ਇਤਿਹਾਸ 'ਚ ਘੁਟਾਲਿਆਂ ਦਾ ਦਹਾਕਾ ਸੀ। 10 ਸਾਲਾਂ ਤੱਕ ਭਾਰਤ ਦੇ ਹਰ ਕੋਨੇ 'ਚ ਅੱਤਵਾਦੀ ਹਮਲੇ ਹੁੰਦੇ ਰਹੇ। ਹਰ ਨਾਗਰਿਕ ਕਮਜ਼ੋਰ ਸੀ। 10 ਸਾਲਾਂ 'ਚ ਕਸ਼ਮੀਰ ਤੋਂ ਲੈ ਕੇ ਉੱਤਰ-ਪੂਰਬ ਤੱਕ ਦੇਸ਼ ਹਿੰਸਾ ਦਾ ਸ਼ਿਕਾਰ ਰਿਹਾ ਸੀ।"
'...ਉਦੋਂ ਇਹ ਲੋਕ 2ਜੀ ਘੁਟਾਲੇ 'ਚ ਸ਼ਾਮਲ ਸਨ'
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ 10 ਸਾਲਾਂ (2004-2014) 'ਚ ਭਾਰਤ ਦੀ ਆਵਾਜ਼ ਵਿਸ਼ਵ ਮੰਚਾਂ 'ਤੇ ਇੰਨੀ ਕਮਜ਼ੋਰ ਸੀ ਕਿ ਦੁਨੀਆ ਸੁਣਨ ਲਈ ਤਿਆਰ ਨਹੀਂ ਸੀ। ਉਨ੍ਹਾਂ ਕਿਹਾ, "ਜਦੋਂ ਆਈਟੀ ਸੈਕਟਰ ਉਭਰ ਰਿਹਾ ਸੀ, ਇਹ ਲੋਕ 2ਜੀ ਘੁਟਾਲੇ 'ਚ ਸ਼ਾਮਲ ਸਨ ਅਤੇ ਸਿਵਲ ਪ੍ਰਮਾਣੂ ਸਮਝੌਤੇ ਦੌਰਾਨ ਇਹ ਕੈਸ਼ ਫਾਰ ਵੋਟ ਘੁਟਾਲੇ 'ਚ ਰੁੱਝੇ ਹੋਏ ਸਨ।"