WHO Covid-19 guidelines : ਕੋਰੋਨਾ ਦੀ ਨਵੀਂ ਲਹਿਰ ਨੇ ਚੀਨ, ਜਾਪਾਨ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਹੜਕੰਪ ਮਚਾ ਦਿੱਤਾ ਹੈ। ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਭਾਰਤ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਕਾਫੀ ਵੱਧ ਗਈ ਹੈ।



ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ WHO ਨੇ ਇੱਕ ਵਾਰ ਫਿਰ ਕੋਰੋਨਾ ਲਈ ਗਾਈਡਲਾਈਨ ਜਾਰੀ ਕੀਤੀ ਹੈ। WHO ਨੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। WHO ਦੇ ਮੁਤਾਬਕ ਕੋਰੋਨਾ ਤੋਂ ਬਚਣ ਲਈ ਮਾਸਕ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ WHO ਨੇ ਵੈਕਸੀਨ ਦੀ ਬੂਸਟਰ ਡੋਜ਼ ਲੈਣ ਦੀ ਅਪੀਲ ਕੀਤੀ ਹੈ।

10 ਦਿਨਾਂ ਦਾ ਆਈਸੋਲੇਸ਼ਨ ਜ਼ਰੂਰੀ - WHO

WHO ਨੇ 10 ਦਿਨਾਂ ਲਈ ਆਈਸੋਲੇਸ਼ਨ ਨੂੰ ਜ਼ਰੂਰੀ ਦੱਸਿਆ ਹੈ। ਡਬਲਯੂਐਚਓ ਨੇ ਕਿਹਾ, "ਜੇਕਰ ਕੋਵਿਡ -19 ਦੇ ਮਰੀਜ਼ਾਂ ਵਿੱਚ ਵਾਇਰਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਲੱਛਣਾਂ ਦੀ ਸ਼ੁਰੂਆਤ ਦੀ ਮਿਤੀ ਤੋਂ ਘੱਟੋ ਘੱਟ 10 ਦਿਨਾਂ ਤੱਕ  ਆਈਸੋਲੇਸ਼ਨ 'ਚ ਰਹਿਣਾ ਹੋਵੇਗਾ।" ਇਸ ਤੋਂ ਪਹਿਲਾਂ WHO ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਵਿੱਚ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ, ਉਨ੍ਹਾਂ ਨੂੰ ਲੱਛਣ ਸ਼ੁਰੂ ਹੋਣ ਦੇ 10 ਦਿਨਾਂ ਬਾਅਦ ਛੁੱਟੀ ਦੇ ਦਿੱਤੀ ਜਾਂਦੀ ਹੈ। ਨਾਲ ਹੀ ਲੱਛਣ ਗਾਇਬ ਹੋਣ ਤੋਂ ਬਾਅਦ ਘੱਟੋ-ਘੱਟ 3 ਦਿਨਾਂ ਲਈ ਚੌਕਸੀ ਰੱਖੀ ਜਾਂਦੀ ਹੈ।



 ਨੈਗਟਿਵ ਰਿਪੋਰਟ ਵਾਲੇ ਲੋਕਾਂ ਲਈ ਇਹ ਨਿਯਮ 

WHO ਨੇ ਕਿਹਾ, "ਜੇਕਰ ਕਿਸੇ ਕੋਰੋਨਾ ਸੰਕਰਮਿਤ ਮਰੀਜ਼ ਦੀ ਐਂਟੀਜੇਨ ਆਧਾਰਿਤ ਰੈਪਿਡ ਟੈਸਟ ਵਿੱਚ ਨੈਗੇਟਿਵ ਰਿਪੋਰਟ ਆਉਂਦੀ ਹੈ ਤਾਂ ਉਸਨੂੰ ਆਈਸੋਲੇਸ਼ਨ ਤੋਂ ਜਲਦੀ ਛੁੱਟੀ ਦਿੱਤੀ ਜਾ ਸਕਦੀ ਹੈ।" ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਪਰ ਕੋਵਿਡ ਦੇ ਲੱਛਣ ਨਹੀਂ ਦਿਖਾਈ ਦਿੰਦੇ, ਉਨ੍ਹਾਂ ਲਈ 5 ਦਿਨਾਂ ਦਾ ਆਈਸੋਲੇਸ਼ਨ ਜ਼ਰੂਰੀ ਹੈ। ਪਹਿਲਾਂ ਇਨ੍ਹਾਂ ਮਰੀਜ਼ਾਂ ਲਈ ਆਈਸੋਲੇਸ਼ਨ ਦੀ ਮਿਆਦ ਦਸ ਦਿਨ ਸੀ।

ਭਾਰਤ ਵਿੱਚ ਕੋਰੋਨਾ ਖਤਮ ਹੋਣ ਦੀ ਕਗਾਰ 'ਤੇ 

ਇਸ ਦੇ ਨਾਲ ਹੀ ਭਾਰਤ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੇਸ਼ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 114 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਦੇਸ਼ ਵਿੱਚ ਹੁਣ ਤੱਕ ਸੰਕਰਮਿਤ ਲੋਕਾਂ ਦੀ ਗਿਣਤੀ 4.46 ਕਰੋੜ (4,46,81,154) ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ (16 ਜਨਵਰੀ) ਨੂੰ ਦੱਸਿਆ ਕਿ ਕੋਰੋਨਾ ਦੇ ਐਕਟਿਵ ਕੇਸ ਘੱਟ ਕੇ 2,119 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ 'ਚ ਕੋਰੋਨਾ ਹੁਣ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ।