ਜਨੇਵਾ: ਕੋਰੋਨਾਵਾਇਰਸ 'ਤੇ ਵਿਸ਼ਵ ਸਿਹਤ ਸੰਗਠਨ (WHO) ਨੇ ਇੱਕ ਵਾਰ ਫਿਰ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ। ਡਬਲਿਊਐਚਓ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੇ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਹੈ ਕਿ ਕੋਰੋਨਵਾਇਰਸ ਇੱਕ ਮੌਸਮੀ ਬਿਮਾਰੀ ਹੈ ਜੋ ਮੌਸਮ ਦੇ ਬਦਲਣ ਨਾਲ ਘੱਟ ਜਾਵੇਗੀ। ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਮਾਰਗ੍ਰੇਟ ਹੈਰਿਸ ਨੇ ਵਰਚੂਅਲ ਬ੍ਰੀਫਿੰਗ ਵਿੱਚ ਕਿਹਾ ਕਿ ਕੋਰੋਨਾ ਮਹਾਮਾਰੀ ਵੱਡੀ ਲਹਿਰ ਹੈ।


ਡਬਲਿਊਐਚਓ ਦੇ ਅਧਿਕਾਰੀਆਂ ਨੇ ਹਾਂਗਕਾਂਗ ਵਿੱਚ ਕੋਰੋਨਵਾਇਰਸ ਦੇ ਵਧ ਰਹੇ ਮਾਮਲਿਆਂ ਬਾਰੇ ਚਿੰਤਾਵਾਂ ਵੀ ਜ਼ਾਹਰ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਵਾਇਰਸ ਮਨੁੱਖਾਂ ਦੇ ਨਿਯੰਤਰਣ ਤੋਂ ਬਾਹਰ ਹੈ, ਹਾਲਾਂਕਿ ਮਿਲ ਕੇ ਅਸੀਂ ਇਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਹੈਰਿਸ ਨੇ ਕਿਹਾ ਕਿ ਕੋਰੋਨਾਵਾਇਰਸ ਵੱਡੀ ਲਹਿਰ ਬਣਨ ਜਾ ਰਿਹਾ ਹੈ ਜੋ ਉੱਪਰ ਤੇ ਹੇਠਾਂ ਜਾ ਰਿਹਾ ਹੈ ਪਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਅਸੀਂ ਇਸ ਕਰਵ ਨੂੰ ਫਲੈਟ ਬਣਾ ਸਕਦੇ ਹਾਂ।

ਗਰਮੀਆਂ ਦੇ ਮੌਸਮ ਦੌਰਾਨ ਅਮਰੀਕਾ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਵੱਲ ਇਸ਼ਾਰਾ ਕਰਦਿਆਂ ਹੈਰਿਸ ਨੇ ਕਿਹਾ ਕਿ ਸਾਨੂੰ ਵਧੇਰੇ ਚੌਕਸ ਰਹਿਣ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਇਕੱਠੇ ਨਾ ਹੋਣ ਦੀ ਚੇਤਾਵਨੀ ਵੀ ਦਿੱਤੀ। ਹੈਰਿਸ ਨੇ ਕਿਹਾ ਕਿ ਲੋਕ ਅਜੇ ਵੀ ਇਸ ਨੂੰ ਮੌਸਮੀ ਬਿਮਾਰੀ ਵਜੋਂ ਵੇਖ ਰਹੇ ਹਨ। ਸਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹ ਇੱਕ ਨਵਾਂ ਵਾਇਰਸ ਹੈ, ਜੋ ਵੱਖਰੇ ਢੰਗ ਨਾਲ ਵਿਵਹਾਰ ਕਰ ਰਿਹਾ ਹੈ ਤੇ ਇਹ ਵਾਇਰਸ ਹਰ ਮੌਸਮ ਵਿੱਚ ਜਿਉਂਦਾ ਰਹਿ ਸਕਦਾ ਹੈ।

ਇਸ ਦੇ ਨਾਲ ਹੀ ਹੈਰਿਸ ਨੇ ਲੋਕਾਂ ਨੂੰ ਫਲੂ ਦੀ ਵੈਕਸੀਨ ਲਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਪਹਿਲਾਂ ਹੀ ਸਾਹ ਦੀ ਬਿਮਾਰੀ ਹੈ ਤਾਂ ਇਹ ਤੁਹਾਡੇ ਲਈ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904