Illegal Immigrants Deportation: ਅਮਰੀਕਾ ਤੋਂ ਭਾਰਤ ਭੇਜੇ ਗਏ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਸੁਰੱਖਿਆ ਤੇ ਖੁਫੀਆ ਏਜੰਸੀਆਂ ਅਲਰਟ ਹੋ ਗਈਆਂ ਹਨ। ਬੇਸ਼ੱਕ ਮੰਨਿਆ ਜਾ ਰਿਹਾ ਹੈ ਕਿ ਵਾਪਸ ਭੇਜੇ ਗਏ ਪਰਵਾਸੀਆਂ ਵਿੱਚ ਖਤਰਨਾਕ ਅਪਰਾਧੀ ਸ਼ਾਮਲ ਨਹੀਂ ਪਰ ਪੁਲਿਸ ਸਭ ਦਾ ਰਿਕਾਰਡ ਚੈੱਕ ਜ਼ਰੂਰ ਕਰੇਗੀ। ਇਸ ਲਈ ਪੁਲਿਸ ਨੇ ਖਾਸ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਇਸ ਸਬੰਧੀ ਕੇਂਦਰੀ ਏਜੰਸੀਆਂ ਨਾਲ ਵੀ ਸੰਪਰਕ ਕਰ ਰਹੀ ਹੈ।


ਦਰਅਸਲ ਪੰਜਾਬ ਪੁਲਿਸ ਨੇ ਅਪਰਾਧਿਕ ਪਿਛੋਕੜ ਵਾਲੇ ਤਕਰੀਬਨ 100 ਲੋੜੀਂਦੇ ਅਪਰਾਧੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਵਿਚੋਂ 20 ਜਣਿਆਂ ਦੇ ਅਮਰੀਕਾ ਵਿੱਚ ਲੁਕੇ ਹੋਣ ਦਾ ਖ਼ਦਸ਼ਾ ਹੈ। ਇਸ ਲਈ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜੀ ਮਾਲਵਾਹਕ ਜਹਾਜ਼ ਭਾਰਤ ਲਈ ਰਵਾਨਾ ਹੋਣ ਮਗਰੋਂ ਹੀ ਪੰਜਾਬ ਪੁਲਿਸ ਚੌਕਸ ਹੋ ਗਈ। ਪੰਜਾਬ ਪੁਲਿਸ ਕੋਲ ਹਾਲਾਂਕਿ ਵਾਪਸ ਭਾਰਤ ਭੇਜੇ ਗਏ ਗ਼ੈਰਕਾਨੂੰਨੀ ਪਰਵਾਸੀਆਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ। ਪੁਲਿਸ ਪਰਵਾਸੀਆਂ ਦੀ ਪਛਾਣ ਤੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਦੇ ਸਬੰਧ ਵਿੱਚ ਵਿਦੇਸ਼ ਤੇ ਗ੍ਰਹਿ ਮੰਤਰਾਲਿਆਂ ਦੇ ਨਾਲ ਕੌਮੀ ਜਾਂਚ ਏਜੰਸੀ (NIA) ਦੇ ਸੰਪਰਕ ਵਿੱਚ ਹੈ।


ਹਾਸਲ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਮੌਜੂਦ ਲੋੜੀਂਦੇ ਅਪਰਾਧੀਆਂ ਵਿਚ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮੁਲਜ਼ਮ ਅਨਮੋਲ ਬਿਸ਼ਨੋਈ, ਪੰਜਾਬ ਦੇ ਪੁਲਿਸ ਥਾਣਿਆਂ ’ਤੇ ਗ੍ਰੇਨੇਡ ਹਮਲਿਆਂ ਵਿੱਚ ਸ਼ਾਮਲ ਹੈਪੀ ਪਾਸੀਆ, ਨਸ਼ਾ ਤਸਕਰ ਸਰਵਣ ਭੋਲਾ ਤੇ ਗੋਪੀ ਨਵਾਸ਼ਹਿਰੀਆ ਆਦਿ ਸ਼ਾਮਲ ਹਨ। ਅਨਮੋਲ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ। ਇਸ ਲਈ ਪੁਲਿਸ ਅਮਰੀਕਾ ਪਰਤੇ ਲੋਕਾਂ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਕਰੇਗੀ।


ਉਂਝ ਪੁਲਿਸ ਦਾ ਮੰਨਣਾ ਹੈ ਕਿ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗ਼ੈਰਕਾਨੂੰਨੀ ਪਰਵਾਸੀਆਂ ਵਿੱਚ ਖ਼ਤਰਨਾਕ ਅਪਰਾਧੀ ਸ਼ਾਮਲ ਹੋਣ, ਜੋ ਪੰਜਾਬ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਲੋੜੀਂਦੇ ਹਨ ਪਰ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ਤੇ ਅਪਰਾਧੀਆਂ ਖਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ, ਉਦੋਂ ਤੋਂ ਪੁਲਿਸ ਅਪਰਾਧੀਆਂ ਦੀ ਹਵਾਲਗੀ ਤੇ ਵਤਨ ਵਾਪਸੀ ਲਈ ਕੰਮ ਕਰ ਰਹੀ ਹੈ।


ਪੁਲਿਸ ਮੁਤਾਬਕ ਕਾਊਂਟਰ ਇੰਟੈਲੀਜੈਂਸ ਯੂਨਿਟ, ਐਂਟੀ-ਨਾਰਕੋਟਿਕਸ ਟਾਸਕ ਫੋਰਸ ਤੇ ਐਂਟੀ-ਗੈਂਗਸਟਰ ਟਾਸਕ ਫੋਰਸ ਵੱਲੋਂ ਕਰੀਬ 100 ਅਪਰਾਧੀਆਂ ਦੀ ਕੇਸ ਹਿਸਟਰੀ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਨੇ ਕਿਹਾ ਕਿ ਰੂਟੀਨ ਵਿੱਚ ਫਾਈਲਾਂ ਤਿਆਰ ਰੱਖਦੇ ਹਾਂ ਤੇ ਜ਼ਰੂਰੀ ਦਸਤਾਵੇਜ਼ ਤੇ ਹੋਰ ਪ੍ਰਵਾਨਗੀਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਸਣੇ ਲੋੜੀਂਦੇ ਅਪਰਾਧੀਆਂ ਦੀ ਵਤਨ ਵਾਪਸੀ ਜਾਂ ਹਵਾਲਗੀ ਲਈ ਕੋਸ਼ਿਸ਼ਾਂ ਜਾਰੀ ਹਨ।